ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ਦੇ ਇਡਾਹੋ ਵਿੱਚ ਇੱਕ ਸਕੂਲ ਦੀ ਛੇਵੀਂ ਕਲਾਸ ਦੀ ਇੱਕ ਬੱਚੀ ਨੇ ਸਕੂਲ ਵਿੱਚ ਗੋਲੀਬਾਰੀ ਕਰਕੇ ਤਿੰਨ ਜਾਣਿਆਂ ਨੂੰ ਜਖਮੀ ਕਰ ਦਿੱਤਾ ਹੈ। ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੱਸਿਆ ਵੀਰਵਾਰ ਨੂੰ ਇਡਾਹੋ ਦੇ ਰਿਗਬੀ ਮਿਡਲ ਸਕੂਲ ‘ਚ ਛੇਵੀਂ ਜਮਾਤ ਦੀ ਬੱਚੀ ਨੇ ਗੋਲੀਆਂ ਚਲਾ ਦਿੱਤੀਆਂ।
ਇਸ ਗੋਲੀਬਾਰੀ ਵਿੱਚ ਦੋ ਵਿਦਿਆਰਥੀ ਅਤੇ ਇੱਕ ਬਾਲਗ ਵਿਅਕਤੀ ਜ਼ਖਮੀ ਹੋ ਗਿਆ, ਜਿਸਦਾ ਪੂਰਬੀ ਇਡਾਹੋ ਰੀਜਨਲ ਮੈਡੀਕਲ ਸੈਂਟਰ ਵਿੱਚ ਇਲਾਜ ਕੀਤਾ ਗਿਆ । ਜਦੋਂ ਕਿ ਦੋ ਵਿਦਿਆਰਥੀ ਜਿਹਨਾਂ ਵਿੱਚ ਇਕ ਲੜਕੀ ਅਤੇ ਇਕ ਲੜਕਾ ਸ਼ਾਮਿਲ ਹਨ ਨੂੰ ਵੀ ਸੱਟਾਂ ਲੱਗੀਆਂ ਹਨ। ਜੇਫਰਸਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਜਾਣਕਾਰੀ ਦਿੱਤੀ ਕਿ ਛੇਵੀ ਗ੍ਰੇਡ ਦੀ ਬੱਚੀ ਨੇ ਆਪਣੀ ਬੈਕਪੈਕ ਤੋਂ ਇੱਕ ਹੈਂਡਗਨ ਕੱਢ ਕੇ ਸਵੇਰੇ 9 ਵਜੇ ਤੋਂ ਬਾਅਦ ਫਾਇਰਿੰਗ ਸ਼ੁਰੂ ਕਰ ਦਿੱਤੀ।
ਜਿਸ ਦੌਰਾਨ ਦੋ ਵਿਦਿਆਰਥੀਆਂ ਨੂੰ ਸਕੂਲ ਦੇ ਹਾਲ ਵਿੱਚ ਗੋਲੀ ਲੱਗੀ, ਅਤੇ ਇੱਕ ਹੋਰ ਵਿਅਕਤੀ ਨੂੰ ਬਾਹਰ ਆ ਕੇ ਗੋਲੀ ਮਾਰ ਦਿੱਤੀ ਗਈ। ਇਸ ਦੌਰਾਨ ਇੱਕ ਅਧਿਆਪਕ ਨੇ ਲੜਕੀ ਨੂੰ ਕਾਬੂ ਕੀਤਾ ਅਤੇ ਪੁਲਿਸ ਦੇ ਆਉਣ ਤੱਕ ਉਸਨੂੰ ਰੋਕ ਕੇ ਰੱਖਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਦਾ ਉਦੇਸ਼ ਅਜੇ ਵੀ ਜਾਂਚ ਅਧੀਨ ਹੈ ਅਤੇ ਅਜੇ ਇਹ ਵੀ ਅਨਜਾਣ ਹੈ ਕਿ ਵਿਦਿਆਰਥੀ ਨੇ ਹੈਂਡਗਨ ਕਿੱਥੋਂ ਪ੍ਰਾਪਤ ਕੀਤੀ ਸੀ।ਇਸ ਵਿਦਿਆਰਥਣ ਦਾ ਨਾਮ ਜਾਰੀ ਨਹੀਂ ਕੀਤਾ ਗਿਆ ਹੈ, ਪਰ ਉਹ ਇਡਾਹੋ ਫਾਲਸ ਵਿੱਚ ਰਹਿੰਦੀ ਹੈ ਅਤੇ ਰਿਗਬੀ ਮਿਡਲ ਸਕੂਲ ਵਿੱਚ ਪੜ੍ਹਦੀ ਹੈ।






















