ਅਮਰੀਕੀ ਮਾਸਕ ਪਾਉਣ ਤੇ ਬਾਰਾਂ ਤੋਂ ਦੂਰ ਰਹਿਣ।
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਖਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਕੋਰੋਨਾਵਾਇਰਸ ਹੋਰ ਫੈਲਣ ਦੀ ਸੰਭਾਵਨਾ ਹੈ ਤੇ ਸਥਿੱਤੀ ਵਿਚ ਸੁਧਾਰ ਆਉਣ ਤੋਂ ਪਹਿਲਾਂ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ। ਕੋਰੋਨਾ ਵਾਇਰਸ ਦੇ ਫੈਲਣ ਨੂੰ ਪਹਿਲਾਂ ਹਲਕੇ ਢੰਗ ਨਾਲ ਲੈਂਦੇ ਰਹੇ ਰਾਸ਼ਟਰਪਤੀ ਨੇ ਅਮਰੀਕੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਮਾਸਕ ਪਹਿਣਨ। ਉਨਾਂ ਕਿਹਾ ਕਿ ”ਅਸੀਂ ਹਰ ਵਿਅਕਤੀ ਨੂੰ ਕਹਿੰਦੇ ਹਾਂ ਕਿ ਜਿਥੇ ਸਮਾਜਿਕ ਦੂਰੀ ਸੰਭਵ ਨਾ ਹੋਵੇ ਉਥੇ ਮਾਸਕ ਜਰੂਰ ਪਹਿਨਿਆ ਜਾਵੇ। ਤੁਸੀਂ ਮਾਸਕ ਪਸੰਦ ਕਰਦੇ ਹੋ ਜਾਂ ਨਹੀਂ ਕਰਦੇ ਪਰੰਤੂ ਇਸ ਦਾ ਅਸਰ ਹੈ। ਸਾਨੂੰ ਉਹ ਹਰ ਚੀਜ਼ ਕਰਨੀ ਚਾਹੀਦੀ ਹੈ ਜਿਸ ਨਾਲ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।”
ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਨੇ ਸਵਿਕਾਰ ਕੀਤਾ ਕਿ ਸਥਿੱਤੀ ਹੋਰ ਖ਼ਰਾਬ ਹੋ ਸਕਦੀ ਹੈ। ਉਨਾਂ ਕਿਹਾ ਕਿ ਇਹ ਇਕ ਅਜਿਹੀ ਗੱਲ ਹੈ ਜੋ ਮੈਂ ਕਹਿਣੀ ਨਹੀਂ ਚਹੁੰਦਾ ਪਰ ਇਹ ਕਹਿਣਾ ਪੈ ਰਿਹਾ ਹੈ ਕਿਉਂਕਿ ਹਾਲਾਤ ਅਜੇ ਮੋੜਾ ਕਟਦੇ ਹੋਏ ਨਜਰ ਨਹੀਂ ਆ ਰਹੇ। ਉਨਾਂ ਨੇ ਨੌਵਾਨਾਂ ਨੂੰ ਕਿਹਾ ਕਿ ਉਹ ਭੀੜ ਵਾਲੀਆਂ ਬਾਰਾਂ ਵਿਚ ਨਾ ਜਾਣ। ਰਾਸ਼ਟਰਪਤੀ ਜਿਨਾਂ ਨੇ ਖੁਦਮਾਸਕ ਨਹੀਂ ਪਾਇਆ ਹੋਇਆ ਸੀ, ਨੇ ਕਿਹਾ ਕਿ ਉਹ ਮਾਸਕ ਆਪਣੇ ਕੋਲ ਰਖਦੇ ਹਨ ਤੇ ਲੋੜ ਵੇਲੇ ਇਸ ਨੂੰ ਪਾਉਂਦੇ ਹਨ। ਕੋਰੋਨਵਾਇਰਸ ਫੈਲਣ ਕਾਰਨ ਟਰੰਪ ਪ੍ਰਸ਼ਾਸ਼ਨ ਦੀ ਨਿਰੰਤਰ ਹੋ ਰਹੀ ਅਲੋਚਨਾ ਦੇ ਮੱਦੇਨਜਰ ਰਾਸ਼ਟਰਪਤੀ ਅੱਜ ਰਾਜਸੀ ਮੁਹਿੰਮ ਵਿਚਾਲੇ ਛੱਡਕੇ ਵਾਈਟ ਹਾਊਸ ਵਿਚ ਪਰਤੇ। ਉਨਾਂ ਕਿਹਾ ਕਿ ਵਿਗਿਆਨੀ ਵੈਕਸੀਨ ਬਣਾਉਣ ਵਿਚ ਜੁਟੇ ਹੋਏ ਹਨ ਤੇ ਉਹ ਹੋਰ ਕਿਸੇ ਵੀ ਨਾਲੋਂ ਪਹਿਲਾਂ ਇਸ ਨੂੰ ਤਿਆਰ ਕਰ ਲੈਣਗੇ। ਆਪਣੀ 27 ਮਿੰਟਾਂ ਦੀ ਗੱਲਬਾਤ ਦੌਰਾਨ ਉਨਾਂਨੇ ਆਪਣੇ ਸੁਭਾਅ ਦੇ ਉਲਟ ਆਪਣੇ ਡੈਮੋਕੈਰਟਿਕ ਵਿਰੋਧੀ ਜੋਅ ਬਿਡੇਨ ਦਾ ਇਕ ਵਾਰ ਵੀ ਨਾਂ ਨਹੀਂ ਲਿਆ।
ਟਰੰਪ ਦੀ ਅਲੋਚਨਾ – ਜੋਅ ਬਿਡੇਨ ਦੀ ਰਾਜਸੀ ਮੁਹਿੰਮ ਦੇ ਬੁਲਾਰੇ ਐਂਡਰੀਊ ਬੇਟਸ ਨੇ ਟਵੀਟ ਕੀਤਾ ਹੈ ਕਿ ” ਰਾਸ਼ਟਰਪਤੀ ਨੇ ਇਹ ਕਹਿਕੇ ਕਿ ਸਥਿੱਤੀ ਸੁਧਰਨ ਤੋਂ ਪਹਿਲਾਂ ਹੋਰ ਖ਼ਰਾਬ ਹੋ ਸਕਦੀ ਹੈ, ਆਪਣੇ ਉਸ ਝੂਠ ਨੂੰ ਉਲਟਾ ਦਿੱਤਾ ਹੈ ਜਿਸ ਵਿਚ ਉਨਾਂ ਕਿਹਾ ਸੀ ਕਿ ਵਾਇਰਸ ਖੁਦ ਗਾਇਬ ਹੋ ਜਾਵੇਗਾ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਬਾਰੇ ਰਾਸ਼ਟਰਪਤੀ ਦੀ ਧਾਰਨਾ ਕਾਰਨ ਹਜਾਰਾਂ ਨਿਰਦੋਸ਼ ਅਮਰੀਕਨਾਂ ਨੂੰ ਬਹੁਤ ਖਤਰਨਾਕ ਸਥਿੱਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।”