ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਇੱਥੇ ਆਖਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਲੋੜੀਂਦੇ ਕਾਰਜ ਬਰਸਾਤ ਤੋਂ ਪਹਿਲਾਂ-ਪਹਿਲਾਂ ਪੂਰੇ ਕਰ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਥਾਂਵਾਂ ਲਈ ਸਰਕਾਰ ਵੱਲੋਂ ਪੈਸੇ ਆ ਗਏ ਹਨ, ਉਨ੍ਹਾਂ ਤੋਂ ਇਲਾਵਾ ਹੋਰਨਾਂ ਥਾਂਵਾਂ ’ਤੇ ਹੋਣ ਵਾਲੇ ਤਰਜੀਹੀ ਆਧਾਰ ਦੇ ਮਜ਼ਬੂਤੀ ਦੇ ਕਾਰਜਾਂ ਨੂੰ ਮਗਨਰੇਗਾ ਰਾਹੀਂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਵੱਡੇ ਕਾਰਜਾਂ ਲਈ ਫੰਡ ਭੇਜਣ ਲਈ ਸਰਕਾਰ ਨੂੰ ਲਿਖਿਆ ਜਾਵੇਗਾ। ਅੱਜ ਨਵਾਂਸ਼ਹਿਰ ਸਬ ਡਵੀਜ਼ਨ ’ਚ ਪੈਂਦੇ ਦਰਿਆ ਸਤਲੁੱਜ ਦੇ ਧੁੱਸੀ ਬੰਨ੍ਹ ਦਾ ਦੌਰਾ ਕਰਕੇ ਉਨ੍ਹਾਂ ਤਾਜੋਵਾਲ-ਮੰਢਾਲਾ, ਹੁਸੈਨਪੁਰ, ਬੇਗੋਵਾਲ ਤੇ ਬੁਰਜ ਟਹਿਲ ਦਾਸ/ਪੰਦਰਾਵਲ ਵਿਖੇ ਦਰਿਆ ਵੱਲੋਂ ਲਾਈ ਢਾਹ ਨੂੰ ਦੇਖਿਆ ਅਤੇ ਨਾਲ ਮੌਜੂਦ ਡਰੇਨੇਜ ਮਹਿਕਮੇ ਦੇ ਅਧਿਕਾਰੀਆਂ ਨੂੰ ਤੁਰੰਤ ਇਸ ਦੇ ਅਨੁਮਾਨ ਬਣਾ ਕੇ ਦੇਣ ਲਈ ਆਖਿਆ।
ਉਨ੍ਹਾਂ ਇਸ ਮੌਕੇ ਤਾਜੋਵਾਲ-ਮੰਢਾਲਾ ਵਿਖੇ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦੀ ਸੁਰੱਖਿਆ ਲਈ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਉੱਥੇ ਮੌਜੂਦ ਪਿੰਡ ਦੇ ਲੋਕਾਂ ਦੀਆਂ ਦਰਿਆ ਨਾਲ ਸਬੰਧਤ ਮੁਸ਼ਕਿਲਾਂ ਵੀ ਸੁਣੀਆਂ। ਉਨ੍ਹਾਂ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਮਾਨਸੂਨ ਤੋਂ ਪਹਿਲਾਂ-ਪਹਿਲਾਂ ਦਰਿਆ ਦੇ ਸਮੁੱਚੇ ਬੰਨ੍ਹ ਦੀ ਮਜ਼ਬੂਤੀ ਦੇ ਕਾਰਜਾਂ ਨੂੰ ਨੇਪਰੇ ਚਾੜ੍ਹ ਲਵੇਗਾ ਅਤੇ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗਾ। ਇੱਥੇ ਚੱਲ ਰਹੇ ਠੋਕਰਾਂ ਮਜ਼ਬੂਤ ਕਰਨ ਦੇ ਕਾਰਜਾਂ ਨੂੰ ਡਿਪਟੀ ਕਮਿਸ਼ਨਰ ਨੇ ਨੇੜੇ ਜਾ ਕੇ ਦੇਖਿਆ ਅਤੇ ਲੋੜੀਂਦੇ ਨਿਰਦੇਸ਼ ਦਿੱਤੇ। ਬਾਅਦ ਵਿੱਚ ਉਨ੍ਹਾਂ ਨੇ ਹੁਸੈਨਪੁਰ, ਬੇਗੋਵਾਲ, ਮਿਰਜਾਪੁਰ ਅਤੇ ਬੁਰਜ ਟਹਿਲ ਦਾਸ ਨੇੜੇ ਦਰਿਆ ਵੱਲੋਂ ਲਾਈ ਢਾਹ ਵਾਲੇ ਸਥਾਨਾਂ ਦਾ ਜਾਇਜ਼ਾ ਲਿਆ ਅਤੇ ਮੌਕੇ ’ਤੇ ਹੀ ਡਰੇਨੇਜ ਮਹਿਕਮੇ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਥਾਂਵਾਂ ’ਤੇ ਬੰਨ੍ਹ ਦੀ ਸੁਰੱਖਿਆ ਅਤਿ ਜ਼ਰੂਰੀ ਹੋਣ ਕਾਰਨ ਮਨਰੇਗਾ ਰਾਹੀਂ ਮਜ਼ਬੂਤੀ ਕਾਰਜ ਸ਼ੁਰੂ ਕੀਤੇ ਜਾਣ। ਉਨ੍ਹਾਂ ਨੇ ਇਨ੍ਹਾਂ ਥਾਂਵਾਂ ’ਤੇ ਇਕੱਤਰ ਪਿੰਡਾਂ ਦੇ ਲੋਕਾਂ ਵੱਲੋਂ ਦਰਿਆ ਦੇ ਬੰਨ੍ਹ ਵਾਲੇ ਪਾਸੇ ਲਾਈ ਢਾਹ ਨੂੰ ਲੈ ਕੇ ਪ੍ਰਗਟਾਏ ਡਰ ’ਤੇ ਭਰੋਸਾ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲਈ ਜ਼ਿਲ੍ਹੇ ਦੇ ਲੋਕਾਂ ਦਾ ਜਾਨ ਅਤੇ ਮਾਲ ਸਭ ਤੋਂ ਪਹਿਲੇ ਹੈ ਅਤੇ ਉਹ ਅਜਿਹੀ ਕੋਈ ਨੌਬਤ ਨਹੀਂ ਆਉਣ ਦੇਣਗੇ, ਜਿਸ ਨਾਲ ਲੋਕਾਂ ਨੂੰ ਕੋਈ ਖਤਰਾ ਬਣੇ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਅਦਿਤਿਆ ਉੱਪਲ, ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਅਤੇ ਡਰੇਨੇਜ ਮਹਿਕਮੇ ਦੇ ਕਾਰਜਕਾਰੀ ਇੰਜੀਨੀਅਰ ਵਿਜੇ ਕੁਮਾਰ ਗਰਗ, ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ, ਨਾਇਬ ਤਹਿਸੀਲਦਾਰ ਕੁਲਵਰਨ ਸਿੰਘ ਅਤੇ ਐਸ ਡੀ ਓ ਡਰੇਨੇਜ ਕੇਹਰ ਚੰਦ ਮੌਜੂਦ ਸਨ।