ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਕੋਰੋਨਾ ਵਾਇਰਸ ਨਾਲ 2 ਲੱਖ ਤੋਂ ਵਧ ਅਮਰੀਕੀਆਂ ਦੇ ਮਰ ਜਾਣ ਉਪਰ ਪਹਿਲੀ ਵਾਰ ਟਿਪਣੀ ਕਰਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਏਨੀਆਂ ਮੌਤਾਂ ਹੋਣੀਆਂ ਸ਼ਰਮਨਾਕ ਹੈ। ਉਨਾਂ ਏਨੀ ਤਾਦਾਦ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ‘ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਸ਼ਰਮ ਵਾਲੀ ਗੱਲ ਹੈ। ਪੈਨਸਿਲਵਾਨੀਆ ਲਈ ਰੈਲੀ ਨੂੰ ਸੰਬੋਧਨ ਕਰਨ ਲਈ ਜਾਣ ਤੋਂ ਪਹਿਲਾਂ ਉਨਾਂ ਨੇ ਵਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਹੁਤ ਭਿਆਨਕ ਵਰਤਾਰਾ ਹੈ। ਮੁੜ ਕੇ ਅਜਿਹਾ ਕਦੀ ਨਹੀਂ ਵਾਪਰਨਾ ਚਾਹੀਦਾ। ਬਾਅਦ ਵਿਚ ਪੈਨਸਿਲਵਾਨੀਆ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਉਸ ਦੇ ਪ੍ਰਸ਼ਾਸਨ ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਬਹੁਤ ਵਧੀਆ ਕੰਮ ਕੀਤਾ ਹੈ।
ਰਾਸ਼ਟਰਪਤੀ ਨੇ ਚੀਨ ਉਪਰ ਦੋਸ਼ ਲਾਇਆ ਕਿ ਉਸ ਨੇ ਕੋਰੋਨਾ ਨੂੰ ਮਹਾਮਾਰੀ ਬਣਨ ਦਿੱਤਾ। ਉਹ ਇਸ ਨੂੰ ਉਥੇ ਹੀ ਰੋਕ ਸਕਦਾ ਸੀ। ਉਨਾਂ ਨੇ ਵਾਅਦਾ ਕੀਤਾ ਕਿ ਅਮਰੀਕੀਆਂ ਲਈ ਵੱਡੀ ਪੱਧਰ ਉਪਰ ਕੋਰੋਨਾ ਵੈਕਸੀਨ ਛੇਤੀ ਉਪਲਬੱਧ ਹੋ ਜਾਵੇਗੀ। ਰਾਸ਼ਟਰਪਤੀ ਨੇ ਰਾਜ ਦੇ ਅਧਿਕਾਰੀਆਂ ਵੱਲੋਂ ਸਮਾਜਿਕ ਦੂਰੀ ਬਣਾ ਕੇ ਰੱਖਣ ਤੇ ਮਾਸਕ ਜਰੂਰੀ ਪਾਉਣ ਦੀ ਅਲੋਚਨਾ ਕਰਦਿਆਂ ਕਿਹਾ ਕਿ ”ਤੁਸੀਂ ਇਕ ਦੂਸਰੇ ਨੂੰ ਮਿਲ ਨਹੀਂ ਸਕਦੇ, ਇਕ ਦੂਸਰੇ ਵੱਲ ਵੇਖ ਨਹੀਂ ਸਕਦੇ। ਆਪਣੀ ਪਤਨੀ ਨੂੰ ਸੌਣ ਲੱਗਿਆਂ ਚੁੰਮਣ ਤੱਕ ਨਹੀਂ ਦੇ ਸਕਦੇ। ਤੁਸੀਂ ਕੁੱਝ ਨਹੀਂ ਕਰ ਸਕਦੇ।”