ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹੇ ਵਿੱਚ ਕੱਲ੍ਹ ਰਾਤ ਦਿੱਲੀ ਨਾਲ ਸਬੰਧਤ ਇੱਕ ਪਰਿਵਾਰ ਦੇ ਇੱਕ ਬੱਚੇ ਸਮੇਤ ਤਿੰਨ ਵਿਅਕਤੀਆਂ ਦੇ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਬਾਅਦ ਅੱਜ ਸ਼ਾਮ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਤਿੰਨ ਹੋਰ ਮਾਮਲੇ ਪਾਜ਼ੇਟਿਵ ਪਾਏ ਗਏ ਹਨ। ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਅਨੁਸਾਰ ਅੱਜ ਸ਼ਾਮ ਆਏ ਕੋਰੋਨਾ ਟੈਸਟ ਸੈਂਪਲਾਂ ਦੇ ਤਿੰਨਾਂ ਪਾਜ਼ੇਟਿਵ ਨਤੀਜਿਆਂ ਵਿੱਚੋਂ ਨਵਾਂਸ਼ਹਿਰ ਦੇ ਕਿਲਾ ਮੁਹੱਲਾ ਦਾ ਰਹਿਣ ਵਾਲਾ 32 ਸਾਲਾ ਰਾਮਦਾਸ ਹੈ, ਜੋ ਕਿ ਕੁਵੈਤ ਤੋਂ ਪਰਤਣ ਬਾਅਦ ਸਟੇਟ ਕੁਆਰਨਟੀਨ ਸੈਂਟਰ ਵਿੱਚ ਰੱਖਿਆ ਹੋਇਆ ਸੀ।
ਇਸ ਤੋਂ ਇਲਾਵਾ ਗੋਲੂ ਮਾਜਰਾ ਦੇ 29 ਮਈ ਨੂੰ ਦਿੱਲੀ ਤੋਂ ਪਰਤੇ ਇੱਕ ਪਰਿਵਾਰ ਦੇ ਤਿੰਨ ਜੀਆਂ ਵਿੱਚੋਂ ਬੇਟੀ ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ ਮਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਲ ਆਏ ਪੁੱਤਰ ਦਾ ਸੈਂਪਲ ਹੁਣ ਲਿਆ ਜਾਵੇਗਾ। ਉਨ੍ਹਾਂ ਦੱਸਿਆ ਜਦ ਕਿ ਤੀਸਰੇ ਪਾਜ਼ੇਟਿਵ ਕੇਸ ਦਾ ਸਬੰਧ ਪਿੰਡ ਰੁੜਕੀ ਖੁਰਦ ਨਾਲ ਹੈ ਜੋ ਕਿ ਪਟਿਆਲਾ ਵਿਖੇ ਹਜ਼ਾਮਤ ਦਾ ਕੰਮ ਕਰਦਾ ਹੈ। ਉਹ 4 ਜੂਨ ਨੂੰ ਪਿੰਡ ਆਇਆ ਸੀ ਅਤੇ 5 ਜੂਨ ਨੂੰ ਉਸ ਦਾ ਸੈਂਪਲ ਲਿਆ ਗਿਆ ਸੀ। ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਅਨੁਸਾਰ ਬਲਾਚੌਰ ਵਿੱਚ ਪੈਂਦੇ ਦੋਵੇਂ ਪਾਜ਼ੇਟਿਵ ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਬਾਰੇ ਐਸ ਐਮ ਓ ਬਲਾਚੌਰ ਡਾ. ਰਵਿੰਦਰ ਸਿੰਘ ਠਾਕੁਰ ਨੂੰ ਨਿਗਰਾਨੀ ਰੱਖਣ ਸਬੰਧੀ ਆਖਿਆ ਗਿਆ ਹੈ ਅਤੇ ਲੋੜ ਪੈਣ ‘ਤੇ ਸੈਂਪਲਿੰਗ ਕਰਵਾਉਣ ਲਈ ਕਿਹਾ ਗਿਆ ਹੈ।
ਡਾ. ਭਾਟੀਆ ਅਨੁਸਾਰ ਇਸ ਤਰ੍ਹਾਂ ਕੱਲ੍ਹ ਰਾਤ ਦੇ ਦਿੱਲੀ ਨਾਲ ਸਬੰਧਤ ਪਰਿਵਾਰ ਸਮੇਤ ਜ਼ਿਲ੍ਹੇ ਵਿੱਚ ਅੱਜ ਸ਼ਾਮ ਤੱਕ ਕੁੱਲ 6 ਨਵੇਂ ਕੇਸ ਆਏ ਹਨ ਅਤੇ ਜ਼ਿਲ੍ਹੇ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 4 ਤੋਂ ਵਧ ਕੇ 10 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹਾਲਾਂ ਤੱਕ ਜ਼ਿਲ੍ਹੇ ਦਾ ਕੋਈ ਸਥਾਨਕ ਕੇਸ ਨਹੀ ਹੈ ਅਤੇ ਸਾਰੇ ਕੇਸਾਂ ਦਾ ਸਬੰਧ ਬਾਹਰੋਂ ਆਉਣ ਨਾਲ ਹੀ ਹੈ। ਉਨ੍ਹਾਂ ਦੱਸਿਆ ਕਿ ਨਵੇਂ ਆਏ ਸਾਰੇ ਪਾਜ਼ੇਟਿਵ ਕੋਰੋਨਾ ਕੇਸਾਂ ਨੂੰ ਕੋਵਿਡ-19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।