ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ‍ ਤਿੰਨ ਹੋਰ ਮਰੀਜ਼ਾਂ ਨੇ ਪਾਈ ਕੋਰੋਨਾ ’ਤੇ ਫ਼ਤਿਹ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ’ਚ ਸਥਾਪਿਤ ਕੋਵਿਡ ਕੇਅਰ ਸੈਂਟਰ ’ਚੋਂ ਛੁੱਟੀ ਬਾਅਦ ਘਰ ਜਾ ਰਹੇ ਕੋਵਿਡ ਤੋਂ ਸਿਹਤਯਾਬ ਹੋਏ ਵਿਅਕਤੀ

ਨਵਾਂਸ਼ਹਿਰ/ਬੰਗਾ (ਏ-ਆਰ. ਆਰ. ਐੱਸ. ਸੰਧੂ) ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਤਹਿਤ ਰਾਜ ਨੂੰ ਕੋਰੋਨਾ ਤੋਂ ਮੁਕਤ ਕਰਨ ਲਈ ਆਰੰਭੇ ਯਤਨਾਂ ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਅੱਜ ਦੋ ਹੋਰ ਮਰੀਜ਼ਾਂ ਨੇ ਕੋਰੋਨਾ ਮਹਾਂਮਾਰੀ ’ਤੇ ਫ਼ਤਿਹ ਪਾਉਣ ’ਚ ਸਫ਼ਲਤਾ ਹਾਸਲ ਕੀਤੀ। ਐਸ ਐਮ ਓ ਬੰਗਾ ਕਵਿਤਾ ਭਾਟੀਆ ਨੇ ਦੱਸਿਆ ਕਿ ਕਲ੍ਹ ਵੀ ਇੱਕ ਮਰੀਜ਼ ਜੋ ਕਿ ਆਦੋਆਣਾ ਨਾਲ ਸਬੰਧਤ ਸੀ ਅਤੇ ਦਿੱਲੀ ਤੋਂ ਆਉਣ ਬਾਅਦ ਪਾਜ਼ਿਟਿਵ ਪਾਇਆ ਗਿਆ ਸੀ, ਨੂੰ ਸਿਹਤਯਾਬ ਹੋਣ ਬਾਅਦ ਛੁੱਟੀ ਦਿੱਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਅੱਜ ਸਿਹਤਯਾਬ ਹੋ ਕੇ ਗਏ ਮਰੀਜ਼ਾਂ ’ਚ ਸੁਦੇਸ਼ ਕੁਮਾਰ ਵਾਸੀ ਚੰਦਿਆਣੀ ਖੁਰਦ ਜੋ ਕਿ ਕੁਵੈਤ ਤੋਂ ਆਉਣ ਬਾਅਦ ਪਾਜ਼ਿਟਿਵ ਪਾਇਆ ਗਿਆ ਸੀ, ਨੂੰ ਆਈਸੋਲੇਸ਼ਨ ਕੇਂਦਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਤੋਂ ਛੁੱਟੀ ਦਿੱਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਸ਼ਾਮ ਨੂੰ ਫ਼ਰਾਲਾ ਦੀ ਵੀਨਸ ਨੂੰ ਕੋਰੋਨਾ ’ਤੇ ਜਿੱਤ ਪਾਉਣ ਬਾਅਦ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਮਹਿਲਾ ਦਿੱਲੀ ਤੋਂ ਆਪਣੇ ਮਾਪਿਆਂ ਕੋਲ ਆਈ ਸੀ ਅਤੇ ਟੈਸਟ ਦੌਰਾਨ ਪਾਜ਼ਿਟਿਵ ਪਾਈ ਗਈ ਸੀ। ਡਾ. ਕਵਿਤਾ ਭਾਟੀਆ ਅਨੁਸਾਰ ਇਨ੍ਹਾਂ ਸਾਰੇ ਮਰੀਜ਼ਾਂ ਨੇ ਆਪਣੀ ਮਜ਼ਬੂਤ ਰੋਗ ਪ੍ਰਤੀਰੋਧਕ ਸ਼ਕਤੀ ਨਾਲ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਅਤੇ ਆਪਣੇ ਆਪ ਨੂੰ ਇਸ ਬਿਮਾਰੀ ਤੋਂ ਬਾਹਰ ਲੈ ਆਂਦਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨ ਮਰੀਜ਼ਾਂ ਦੇ ਜਾਣ ਬਾਅਦ ਜ਼ਿਲ੍ਹੇ ’ਚ 9 ਮਰੀਜ਼ ਕੋਵਿਡ ਪੀੜਤ ਰਹਿ ਗਏ ਹਨ ਅਤੇ ਉਹ ਵੀ ਆਪਣੀ ਮਜ਼ਬੂਤ ਰੋਗ ਨਾਲ ਲੜਨ ਦੀ ਸ਼ਕਤੀ ਨਾਲ ਇਸ ਬਿਮਾਰੀ ’ਤੇ ਤੇਜ਼ੀ ਨਾਲ ਕਾਬੂ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਮਰੀਜ਼ਾਂ ਨੂੰ ਇਹਤਿਆਤ ਦੇ ਤੌਰ ’ਤੇ ਇੱਕ-ਇੱਕ ਹਫ਼ਤੇ ਲਈ ਆਪਣੇ ਘਰਾਂ ’ਚ ਹੀ ਇਕਾਂਤਵਾਸ ਪੂਰਾ ਕਰਨ ਲਈ ਕਿਹਾ ਗਿਆ ਹੈ।

Share This :

Leave a Reply