ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਪੰਜਾਬ ਸਰਕਾਰ ਵੱਲੋਂ ਨਜਾਇਜ਼ ਸ਼ਰਾਬ ਦੀ ਵਰਤੋਂ ਅਤੇ ਵਿਕਰੀ ਦੀ ਰੋਕਥਾਮ ਲਈ ਵਿੱਢੀ ਗਈ ਮੁਹਿੰਮ ਤਹਿਤ ਆਬਕਾਰੀ ਵਿਭਾਗ ਅਤੇ ਪੁਲਿਸ ਵੱਲੋਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਇਸ ਵਰਤਾਰੇ ਨੂੰ ਰੋਕਣ ਲਈ ਵੱਡੀ ਪੱਧਰ ’ਤੇ ਕਾਰਵਾਈਆਂ ਅਰੰਭੀਆਂ ਗਈਆਂ ਹਨ। ਬੀਤੇ ਢਾਈ ਮਹੀਨਿਆਂ ਦੌਰਾਨ ਆਬਕਾਰੀ ਵਿਭਾਗ ਅਤੇ ਪੁਲਿਸ ਵੱਲੋਂ ਉਲੀਕੀ ਗਈ ਸਾਂਝੀ ਰਣਨੀਤੀ ਤਹਿਤ ਜ਼ਿਲੇ ਵਿਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਕੁੱਲ 94 ਮਾਮਲੇ ਦਰਜ ਕਰ ਕੇ 4063 ਬੋਤਲਾਂ ਦੇਸੀ, 1525 ਬੋਤਲਾਂ ਅੰਗਰੇਜ਼ੀ, 546 ਬੋਤਲਾਂ ਬੀਅਰ, 1149 ਲੀਟਰ ਲਾਹਣ ਅਤੇ 1701 ਲੀਟਰ ਨਜਾਇਜ਼ ਸ਼ਰਾਬ ਫੜਨ ਵਿਚ ਕਾਮਯਾਬੀ ਹਾਸਲ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਈ. ਟੀ. ਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਵੀ ਅਣਅਧਿਕਾਰਤ ਜਗਾ ਤੋਂ ਅਤੇ ਬਾਹਰਲੇ ਰਾਜ ਤੋਂ ਸਮਗਲਿੰਗ ਹੋ ਕੇ ਆਈ ਸ਼ਰਾਬ ਨੂੰ ਖਰੀਦਣਾ, ਵੇਚਣਾ, ਕਬਜ਼ੇ ਵਿੱਚ ਰੱਖਣਾ ਅਤੇ ਇਸਦਾ ਸੇਵਨ ਕਰਨਾ ਕਾਨੂੰਨੀ ਜ਼ੁਰਮ ਹੈ। ਆਬਕਾਰੀ ਐਕਟ ਅਧੀਨ ਜੇਕਰ ਕਿਸੇ ਵੀ ਵਿਅਕਤੀ ਤੋਂ ਅਜਿਹੀ ਸ਼ਰਾਬ ਫੜੀ ਜਾਂਦੀ ਹੈ ਤਾਂ ਉਸਨੂੰ 10 ਲੱਖ ਰੁਪਏ ਜ਼ੁਰਮਾਨੇ ਦੇ ਨਾਲ ਕੈਦ ਵੀ ਹੋ ਸਕਦੀ ਹੈ। ਇਸ ਲਈ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਚੰਗੇ ਨਾਗਰਿਕ ਹੋਣ ਦਾ ਫਰਜ਼ ਨਿਭਾਉਂਦੇ ਹੋਏ ਸਰਕਾਰ ਦੀ ਇਸ ਮੁਹਿੰਮ ਨੂੰ ਕਾਮਯਾਬ ਕੀਤਾ ਜਾਵੇ ਅਤੇ ਜੇਕਰ ਕੋਈ ਵਿਅਕਤੀ ਅਜਿਹੀ ਸ਼ਰਾਬ ਵੇਚਣ ਜਾਂ ਕਬਜ਼ੇ ਵਿੱਚ ਰੱਖਣ ਦਾ ਆਦੀ ਹੈ ਤਾਂ ਇਸ ਸਬੰਧੀ ਸੂਚਨਾ ਆਬਕਾਰੀ ਵਿਭਾਗ ਅਤੇ ਜ਼ਿਲਾ ਪੁਲਿਸ ਨੂੰ ਦਿੱਤੀ ਜਾਵੇ। ਉਨਾਂ ਦੱਸਿਆ ਕਿ ਆਬਕਾਰੀ ਵਿਭਾਗ ਪੰਜਾਬ ਵਲੋਂ ਆਬਕਾਰੀ ਜ਼ੁਰਮਾਂ, ਜਿਵੇਂ ਸ਼ਰਾਬ ਦੀ ਤਸਕਰੀ, ਲਾਹਣ, ਸ਼ਰਾਬ ਦੀਆਂ ਭੱਠੀਆਂ, ਸ਼ਰਾਬ ਬਣਾਉਣ ਦੇ ਨਜਾਇਜ਼ ਯੂਨਿਟਾਂ ਆਦਿ ਸਬੰਧੀ ਸੂਚਨਾ/ਸ਼ਿਕਾਇਤ ਦਰਜ ਕਰਵਾਉਣ ਲਈ ਹੈਲਪ ਲਾਈਨ/ਸ਼ਿਕਾਇਤ ਨੰਬਰ 98759-61126 ਜਾਰੀ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਨੰਬਰ ’ਤੇ ਕੋਈ ਵੀ ਵਿਅਕਤੀ ਵਾਇਸ ਕਾਲ, ਐਸ. ਐਮ. ਐਸ ਮੈਸੇਜ ਜਾਂ ਵੱਟਸਐਪ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨਾਂ ਦੱਸਿਆ ਕਿ ਇਨਾਂ ਸ਼ਿਕਾਇਤਾਂ ’ਤੇ ਤੁਰੰਤ ਕਰਵਾਈ ਕੀਤੀ ਜਾਵੇਗੀ ਅਤੇ ਸੂਚਨਾ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ। ਕੱਚੀ ਰੂੜੀ ਮਾਰਕਾ ਅਤੇ ਲਾਹਣ ਤੋਂ ਬਣੀ ਸ਼ਰਾਬ ਬਾਰੇ ਈ. ਟੀ. ਓ ਸੁਖਵਿੰਦਰ ਸਿੰਘ ਨੇ ਕਿਹਾ ਕਿ ਅਜਿਹੀ ਸ਼ਰਾਬ ਦੀ ਕੋਈ ਡਿਗਰੀ ਨਹੀਂ ਹੁੰਦੀ ਅਤੇ ਇਹ ਸ਼ਰਾਬ ਜ਼ਹਿਰੀਲੀ ਹੋਣ ਕਾਰਨ ਅੱਖਾਂ ਦੀ ਰੋਸ਼ਨੀ ’ਤੇ ਮਾੜਾ ਅਸਰ ਪਾਉਂਦੀ ਹੈ ਅਤੇ ਇਸ ਦੀ ਵਰਤੋਂ ਨਾਲ ਜਾਨ ਵੀ ਜਾ ਸਕਦੀ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ’ਤੇ ਪੂਰੀ ਨਕੇਲ ਕੱਸੀ ਜਾ ਰਹੀ ਹੈ, ਤਾਂ ਜੋ ਆਮ ਨਾਗਰਿਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋ ਸਕੇ ਅਤੇ ਸਰਕਾਰੀ ਮਾਲੀਆ ਵੀ ਸੁਰੱਖਿਅਤ ਕੀਤਾ ਜਾ ਸਕੇ।