ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਟੈਕਸਾਸ ਦੀ ਕੋਲਿਨ ਕਾਉਂਟੀ ਵਿੱਚ ਸ਼ੈਰਿਫ ਦਫ਼ਤਰ ਨੇ ਵੀਰਵਾਰ ਨੂੰ ਦੱਸਿਆ ਕਿ ਇੱਕ ਕਾਲੇ ਵਿਅਕਤੀ ਦੀ ਮਾਰਚ ਵਿੱਚ ਮੌਤ ਹੋਣ ‘ਤੇ ਸੱਤ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਵਿਅਕਤੀ ਨੂੰ ਹਿਰਾਸਤ ਵਿੱਚ ਰੱਖਣ ਦੌਰਾਨ, ਇਸ ਉੱਪਰ ਪੇਪਰ ਸਪਰੇਅ ਦਾ ਛਿੜਕਾਅ ਕਰਨ ਦੇ ਨਾਲ ਚਿਹਰੇ ਤੇ ਥੁੱਕ ਵਾਲਾ ਮਾਸਕ ਦਿੱਤਾ ਗਿਆ ਸੀ। ਇਸ ਸੰਬੰਧੀ ਸ਼ੈਰਿਫ ਨੇ ਜਾਣਕਾਰੀ ਦਿੱਤੀ ਕਿ ਮਾਰਵਿਨ ਡੇਵਿਡ ਸਕਾਟ III ਨਾਮ ਦੇ ਇਸ ਵਿਅਕਤੀ ਨਾਲ ਵਿਵਹਾਰ ਸੰਬੰਧੀ ਸੱਤ ਅਫਸਰਾਂ ਨੇ ਵਿਭਾਗ ਦੀਆਂ ਨੀਤੀਆਂ ਅਤੇ ਪ੍ਰਕਿਰਿਆਵਾਂ ਦੀ ਉਲੰਘਣਾ ਕੀਤੀ, ਜੋ ਕਿ ਗੈਰ ਜ਼ਿੰਮੇਵਾਰ ਸੀ। ਇਸ ਵਿਅਕਤੀ ਦੀ ਸਥਾਨਕ ਹਸਪਤਾਲ ਵਿੱਚ ਮੌਤ ਹੋ ਗਈ ਸੀ।
ਕੋਲਿਨ ਕਾਉਂਟੀ ਦੇ ਸ਼ੈਰਿਫ਼ ਜਿੰਮ ਸਕਿਨਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਸੱਤ ਅਧਿਕਾਰੀਆਂ ਦੇ ਮੁਅੱਤਲ ਹੋਣ ਦੇ ਨਾਲ ਅੱਠਵੇਂ ਅਧਿਕਾਰੀ ਨੇ ਅਸਤੀਫ਼ਾ ਦੇ ਦਿੱਤਾ ਹੈ। ਇਸ ਮਾਮਲੇ ਵਿੱਚ ਇਸ 26 ਸਾਲਾ ਵਿਅਕਤੀ ਨੂੰ ਐਲੇਨ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ 14 ਮਾਰਚ ਨੂੰ ਇੱਕ ਆਊਟਲੇਟ ਮਾਲ ਵਿੱਚ ਨਸ਼ਿਆਂ ਦੇ ਪ੍ਰਭਾਵ ਹੇਠ ਹੋਣ ਕਾਰਨ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਸਨੂੰ ਲੱਗਭਗ ਤਿੰਨ ਘੰਟਿਆਂ ਲਈ ਐਮਰਜੈਂਸੀ ਕਮਰੇ ਵਿੱਚ ਰੱਖਿਆ ਗਿਆ। ਜਿਸਦੇ ਬਾਅਦ ਉਸ ਨੂੰ ਕੋਲਿਨ ਕਾਉਂਟੀ ਵਿੱਚ ਇੱਕ ਨਜ਼ਰਬੰਦੀ ਸਹੂਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਜਿਥੇ ਉਹ ਸ਼ਾਮ ਦੇ ਤਕਰੀਬਨ 6: 22 ਵਜੇ ਪਹੁੰਚੇ। ਸਕਾਟ ਨੂੰ ਭੰਗ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਕਿਨਰ ਅਨੁਸਾਰ ਕੇਂਦਰ ਵਿੱਚ ਸਕਾਟ ਨੂੰ ਬਿਸਤਰੇ ਤੱਕ ਪਹੁੰਚਾਉਣ ਲਈ ਅਧਿਕਾਰੀਆਂ ਦੁਆਰਾ ਸੰਘਰਸ਼ ਕੀਤਾ ਗਿਆ ਅਤੇ ਉਹਨਾਂ ਨੇ ਸਕਾਟ ਨਾਲ ਮਾੜਾ ਵਿਵਹਾਰ ਕੀਤਾ ਅਤੇ ਰਾਤ ਤਕਰੀਬਨ 10: 22 ਵਜੇ ਹਾਲਤ ਵਿਗੜਨ ਕਾਰਨ ਸਕਾਟ ਨੂੰ ਡਾਕਟਰੀ ਦੇਖਭਾਲ ਮਿਲੀ, ਪਰ ਬਾਅਦ ਵਿੱਚ ਉਸ ਨੂੰ ਸਥਾਨਕ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਟੈਕਸਾਸ ਰੇਂਜਰਸ ਇਸ ਘਟਨਾ ਦੀ ਜਾਂਚ ਕਰ ਰਹੇ ਹਨ, ਪਰ ਹਾਲੇ ਤੱਕ ਇਸ ਕੇਸ ਬਾਰੇ ਕੋਈ ਰਿਪੋਰਟ ਜਾਰੀ ਨਹੀਂ ਕੀਤੀ ਗਈ ਹੈ।






















