ਵਾਸ਼ਿੰਗਟਨ (ਹੁਸਨ ਲੜੋਆ ਬੰਗਾ)– ਕੋਰੋਨਾਵਾਇਰਸ ਕਾਰਨ ਸਥਿੱਤੀ ਹੋਰ ਗੰਭੀਰ ਬਣਦੀ ਜਾ ਰਹੀ ਹੈ ਤੇ ਕੋਰੋਨਾਵਾਇਰਸ ਰੋਜਾਨਾ ਲੱਖਾਂ ਲੋਕਾਂ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਆਪਣੀ ਸਥਿੱਤੀ ਰਿਪੋਰਟ ਵਿਚ ਖੁਲਾਸਾ ਕੀਤਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਰਿਕਾਰਡ 2,59,848 ਮਰੀਜ਼ ਸਾਹਮਣੇ ਆਏ ਹਨ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰਿਕਾਰਡ 2,37,743 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਵਿਸ਼ਵ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਕੁਲ ਗਿਣਤੀ 14,4,24,525 ਹੋ ਗਈ ਹੈ ਜਦ ਕਿ 6,04,880 ਵਿਅਕਤੀ ਮੌਤ ਦੇ ਮੂੰਹ ਵਿਚ ਜਾ ਪਏ ਹਨ। ਇਕੱਲੇ ਅਮਰੀਕਾ ਵਿਚ ਪੀੜਤ ਵਿਅਕਤੀਆਂ ਦੀ ਗਿਣਤੀ 38,33,271 ਹੈ ਜਦ ਕਿ 1,42,877 ਅਮਰੀਕੀਆਂ ਦੀ ਕੋਰੋਨਾਵਾਇਰਸ ਨੇ ਜਾਨ ਲੈ ਲਈ ਹੈ। 17,75,219 ਵਿਅਕਤੀ ਠੀਕ ਹੋਏ ਹਨ। ਇਸ ਤਰਾਂ ਸਿਹਤਮੰਦ ਹੋਣ ਦੀ ਦਰ ਵਿਚ ਵਰਣਨਯੋਗ ਸੁਧਾਰ ਹੋਇਆ ਹੈ ਤੇ ਇਹ ਵਧਕੇ 93% ਹੋ ਗਈ ਹੈ। ਅਮਰੀਕਾ ਵਿਚ ਅੱਜ ਤੱਕ 47,5,98,277 ਟੈਸਟ ਹੋ ਚੁੱਕੇ ਹਨ ਤੇ 19,15,175 ਸਰਗਰਮ ਮਾਮਲੇ ਹਨ।