ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਕੋਰੋਨਾਵਾਇਰਸ ਤੇਜੀ ਨਾਲ ਫੈਲ ਰਿਹਾ ਹੈ ਤੇ ਲਗਾਤਾਰ ਦੂਸਰੇ ਦਿਨ 70000 ਤੋਂ ਵਧ ਕੋਰੋਨਾਵਾਇਰਸ ਨਾਲ ਪੀੜਤ ਲੋਕ ਸਾਹਮਣੇ ਆਏ ਹਨ। ਜੌਹਨ ਹੋਪਕਿੰਨਜ ਯੁਨੀਵਰਸਿਟੀ ਅਨੁਸਾਰ ਲੰਘੇ ਦਿਨ 70795 ਕੋਰੋਨਾ ਪੀੜਤ ਮਰੀਜ਼ ਹਸਪਤਾਲਾਂ ਵਿਚ ਪੁੱਜੇ ਹਨ ਤੇ 1157 ਹੋਰ ਅਮਰੀਕੀ ਮੌਤ ਦੇ ਮੂੰਹ ਵਿਚ ਜਾ ਪਏ ਹਨ। ਪੀੜਤਾਂ ਦੀ ਕੁਲ ਗਿਣਤੀ 42,48,327 ਹੋ ਗਈ ਹੈ ਜਦ ਕਿ ਹੁਣ ਤੱਕ 1,48,490 ਲੋਕਾਂ ਦੀ ਕੋਰੋਨਾਵਾਇਰਸ ਨੇ ਜਾਨ ਲੈ ਲਈ ਹੈ। 20,28,074 ਅਮਰੀਕੀ ਠੀਕ ਹੋਏ ਹਨ।
ਕਾਂਗਰਸ ਮੈਂਬਰ ਦੇ ਸਟਾਫ਼ ਮੈਂਬਰ ਦੀ ਮੌਤ-
ਕਾਂਗਰਸ ਦੇ ਮੈਂਬਰ ਵਰੁਨ ਬੁਚਾਨਨ ਦੇ ਸਟਾਫ਼ ਮੈਂਬਰ ਗੈਰੀ ਟੀਬੈਟਸ ਦੀ ਫਲੋਰੀਡਾ ਦੇ ਇਕ ਹਸਪਤਾਲ ਵਿਚ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ। ਉਸ ਨੂੰ 15 ਜੁਲਾਈ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਬੁਚਾਨਨ ਨੇ ਜਾਰੀ ਇਕ ਬਿਆਨ ਵਿਚ ਗੈਰੀ ਟੀਬੈਟਸ ਦੇ ਪਰਿਵਾਰ ਤੇ ਦੋਸਤਾਂ-ਮਿੱਤਰਾਂ ਨਾਲ ਦੁੱਖ ਸਾਂਝਾ ਕਰਦਿਆਂ ਗੈਰੀ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ। ਗੈਰੀ 2011 ਤੋਂ ਬੁਚਾਨਨ ਦੇ ਸਟਾਫ਼ ਮੈਂਬਰ ਸਨ।