ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ 6 ਮਈ ਨੂੰ ਹੋਲੀਰੂਡ ਚੋਣਾਂ ਭੁਗਤ ਗਈਆਂ ਹਨ। ਕੋਰੋਨਾ ਸੰਕਟ ਦੇ ਚਲਦਿਆਂ ਜਿੱਥੇ ਲੋਕਾਂ ਨੇ ਚੋਣਾਂ ਪ੍ਰਤੀ ਆਪਣਾ ਉਤਸਾਹ ਦਿਖਾਇਆ, ਉੱਥੇ ਹੀ ਸਕਾਟਲੈਂਡ ਦੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਵੀ ਉਨ੍ਹਾਂ ਦੇ ਸਥਾਨਕ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚ ਕੇ ਆਪਣਾ ਮਤਦਾਨ ਕੀਤਾ। ਇਸ ਦੌਰਾਨ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੂੰ ਗਲਾਸਗੋ ਸਥਿਤ ਪੋਲਿੰਗ ਸਟੇਸ਼ਨ ਦੇ ਬਾਹਰ ਦੇਖਿਆ ਗਿਆ ਸੀ। ਸਟਰਜਨ ਚੋਣਾਂ ਵਿੱਚ ਉਸਦੀ ਪਾਰਟੀ ਦੇ ਬਹੁਮਤ ਹਾਸਿਲ ਕਰਨ ਦੀ ਉਮੀਦ ਕਰ ਰਹੀ ਹੈ। ਜਦਕਿ ਲੇਬਰ ਨੇਤਾ ਅਨਸ ਸਰਵਰ ਨੂੰ ਪੋਲੋਕਸ਼ੀਲਡਜ਼ ਵਿੱਚ ਆਪਣੀ ਵੋਟ ਪਾਉਣ ਲਈ ਪਹੁੰਚਦੇ ਹੋਏ ਵੇਖਿਆ ਗਿਆ।
ਲੇਬਰ ਪਾਰਟੀ ਦੇ ਨੇਤਾ ਸਰਵਰ, ਨਿਕੋਲਾ ਸਟਰਜਨ ਨੂੰ ਉਸਦੇ ਗਲਾਸਗੋ ਹਲਕੇ ਵਿੱਚ ਚੁਣੌਤੀ ਦੇ ਰਹੇ ਹਨ। ਇੰਨਾ ਹੀ ਨਹੀਂ ਸਕਾਟਿਸ਼ ਐਲਬਾ ਪਾਰਟੀ ਦੇ ਨੇਤਾ ਐਲੈਕਸ ਸੈਲਮੰਡ ਫਰੇਜ਼ਰਬਰਗ ਨੇੜੇ ਸਟ੍ਰੀਚੇਨ ਪਿੰਡ ਵਿੱਚ ਆਪਣੀ ਵੋਟ ਪਾਉਣ ਲਈ ਵੇਖੇ ਗਏ। ਸਕਾਟਿਸ਼ ਗ੍ਰੀਨਜ਼ ਨੇਤਾ ਪੈਟ੍ਰਿਕ ਹਾਰਵੀ ਵੀ ਗਲਾਸਗੋ ਦੇ ਪੱਛਮੀ ਸਿਰੇ ‘ਤੇ ਆਪਣੇ ਪੋਲਿੰਗ ਸਟੇਸ਼ਨ ‘ਤੇ ਵੋਟ ਪਾਉਣ ਪਹੁੰਚੇ। ਸਕਾਟਲੈਂਡ ਚੋਣਾਂ ਦੇ ਸਬੰਧ ਵਿੱਚ ਕੁੱਝ ਪੋਲਾਂ ਨੇ ਸੰਕੇਤ ਦਿੱਤਾ ਹੈ ਕਿ ਐਸ ਐਨ ਪੀ ਬਹੁਮਤ ਹਾਸਲ ਕਰਨ ਲਈ ਲੋੜੀਂਦੀਆਂ 65 ਸੀਟਾਂ ‘ਤੇ ਅਸਰ ਪਾ ਸਕਦੀ ਹੈ ।






















