ਕੋਵਿਡ-19 ਮਹਾਂਮਾਰੀ ਦੌਰਾਨ ਸਿਖਿਆ ਵਿਭਾਗ ਨੇ ਬੱਚਿਆਂ ਨੂੰ ਪ੍ਰਦਾਨ ਕੀਤੀ ਆਨ ਲਾਈਨ ਸਿਖਿਆ
ਅੰਮ੍ਰਿਤਸਰ (ਮੀਡੀਆ ਬਿਊਰੋ) ਕੋਰੋਨਾ ਕਾਲ ਦੌਰਾਨ ਜਦੋਂ ਕਿ ਸੂਬੇ ਦੇ ਸਾਰੇ ਸਕੂਲ 22 ਮਾਰਚ ਤੋਂ ਬੰਦ ਚਲੇ ਆ ਰਹੇ ਹਨ ਅਤੇ ਵਿਭਾਗ ਪੂਰੀ ਮਿਹਨਤ ਨਾਲ ਤਰਾਂ ਤਰਾਂ ਦੀਆਂ ਕੋਸ਼ਿਸ਼ਾਂ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਹਨਾ ਕੋਸ਼ਿਸ਼ਾਂ ਵਿਚ ਹੀ ਪੰਜਾਬ ਐਜੂ ਕੇਅਰ ਐਪ ਰਾਹੀਂ ਇੱਕ ਖਾਸ ਕਾਮਯਾਬੀ ਮਿਲੀ ਹੈ । ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਡਿਪਟੀ ਡਾਇਰੈਕਟਰ ਸ਼ੈਲਿੰਦਰ ਸਿੰਘ ਸਹੋਤਾ ਦੀ ਯੋਜਨਾ ਅਤੇ ਤਿੰਨਾਂ ਵਿਸ਼ਿਆਂ ਦੇ ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ ਹਰਪ੍ਰੀਤ ਸਿੰਘ,ਨਿਰਮਲ ਕੌਰ,ਸੁਸ਼ੀਲ ਭਾਰਦਵਾਜ ਅਤੇ ਡੀ. ਐਮਜ਼ ਵਲੋਂ ਤਿਆਰ ਕੀਤੀ ਗਈ ਇਹ ਐਪ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਹਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਸਿਖਿਆ ਅਫਸਰ ਸ੍ਰ ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਇਸ ਐਪ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਵਿਚ ਹਰ ਵਿਸ਼ੇ ਦੀ ਸਮਗਰੀ ਸਹਿਜ ਉਪਲਬਧ ਹੈ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਨੂੰ ਲੱਭਣ ਲਈ ਜਿਆਦਾ ਮਿਹਨਤ ਨਹੀਂ ਕਰਨੀ ਪੈਣੀ, ਇਹੀ ਨਹੀਂ ਇਸ ਐਪ ਵਿਚ ਵਿਭਾਗ ਦੀ ਰੋਜ ਦੀ ਵਿਸ਼ਾ ਸਮਗਰੀ ਡੇਲੀ ਡੋਜ਼,ਉਡਾਣ ਸ਼ੀਟਾਂ, ਸਮਾਜਿਕ, ਵਿਗਿਆਨ,ਗਣਿਤ,ਹਿੰਦੀ,ਪੰਜਾਬੀ, ਅੰਗਰੇਜ਼ੀ ਆਦੀ ਹਰ ਵਿਸ਼ੇ ਦੀਆਂ ਗਤੀਵਿਧੀਆਂ ਸਮੇਤ ਰੋਜ ਦੇ ਅੰਗਰੇਜ਼ੀ,ਪੰਜਾਬੀ ਸ਼ਬਦ ਵੀ ਤਰਤੀਬਵਾਰ ਮੌਜੂਦ ਹਨ । ਜਿਲਾ ਸਿੱਖਿਆ ਅਫਸਰ (ਸੈ ਸਿ) ਸ੍ਰ ਸਤਿੰਦਰਬੀਰ ਸਿੰਘ ਅਤੇ ਉਪ ਜਿਲਾ ਸਿੱਖਿਆ ਅਫਸਰਾਂ ਸ੍ਰੀ ਰਾਜੇਸ਼ ਕੁਮਾਰ ਅਤੇ ਸ੍ਰ ਹਰਭਗਵੰਤ ਸਿੰਘ ਨੇ ਵੀ ਇਸ ਐਪ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਹੈ ਕਿ ਸਕੂਲ ਸਿੱਖਿਆ ਵਿਭਾਗ ਨੇ ਮਹਿਕਮੇ ਦੇ ਹਰ ਪਹਿਲੂ ਦੇ ਕੰਮ ਨੂੰ ਆਸਾਨ ਬਣਾ ਦਿੱਤਾ ਹੈ। ਕਿਓਂਕਿ ਇਹ ਐਪ ਜਿਲਾ ਸਿੱਖਿਆ ਅਫਸਰ ਤੋਂ ਲੈ ਕੇ ਪ੍ਰਿੰਸੀਪਲਾਂ,ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਰ ਮੁਸ਼ਕਿਲ ਲਈ ਸਹਾਈ ਸਾਬਿਤ ਹੋ ਰਹੀ ਹੈ । ਨਰਸਰੀ ਤੋਂ ਲੈ ਕੇ ਬਾਹਰਵੀਂ ਜਮਾਤ ਤਕ ਦੇ ਹਰ ਵਿਸ਼ੇ ਦਾ ਸਾਰਾ ਸਿਲੇਬਸ ਇਸ ਐਪ ਵਿਚ ਮੌਜੂਦ ਹੈ ਜੋ ਕਿ ਇਸ ਸੰਕਟ ਦੀ ਘੜੀ ਵਿਚ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਵੀ ਬੱਚੇ ਦੀ ਪੜਾਈ ਸੰਬੰਧੀ ਮੁਸ਼ਕਲਾਂ ਦਾ ਇੱਕ ਆਸਾਨ ਹੱਲ ਹੈ । ਜਿਲਾ ਸਿੱਖਿਆ ਅਫਸਰ ਸ੍ਰ ਸਤਿੰਦਰਬੀਰ ਸਿੰਘ ਨੇ ਕਿਹਾ ਕਿ ਇਹ ਐਪ ਸਟੂਡੈਂਟਸ ਫਰੈਂਡਲੀ ਹੈ ਅਤੇ ਗੂਗਲ ਪਲੇ ਉਤੇ ਇਸ ਨੂੰ ਆਸਾਨੀ ਨਾਲ ਸਰਚ ਕੀਤਾ ਜਾ ਸਕਦਾ ਹੈ । ਉਨਾਂ ਦੱਸਿਆ ਕਿ ਸਿਖਿਆ ਵਿਭਾਗ ਵੱਲੋਂ ਕੋਵਿਡ 19 ਮਹਾਂਮਾਰੀ ਦੌਰਾਨ ਬੱਚਿਆਂ ਨੂੰ ਆਨ ਲਾਈਨ ਸਿਖਿਆ ਪ੍ਰਦਾਨ ਕੀਤੀ ਗਈ ਹੈ ਅਤੇ ਬੱਚਿਆਂ ਦੇ ਵੱਖ ਵੱਖ ਖੇਤਰਾਂ ਵਿੱਚ ਆਨ ਲਾਈਨ ਮੁਕਾਬਲੇ ਵੀ ਕਰਵਾਏ ਗਏ ਹਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੂਰਬ ਸਬੰਧੀ ਕਰਵਾਏ ਗਏ ਬਲਾਕ ਪੱਧਰੀ ਮੁਕਾਬਲਿਆਂ ਵਿੱਚੋਂ ਰਾਜ ਭਰ ਤੋਂ ਤੀਜਾ ਸਥਾਨ ਹਾਸਲ ਕੀਤਾ ਹੈ ਅਤੇ ਰਾਜ ਪੱਧਰੀ ਮੁਕਾਬਲਿਆਂ ਲਈ ਅੰਮ੍ਰਿਤਸਰ ਦੀ ਚੋਣ ਹੋਈ ਹੈ।