ਨਾਭਾ (ਤਰੁਣ ਮਹਿਤਾ) – ਅੱਜ ਇੱਥੇ ਪ੍ਰੈਸ ਦੇ ਨਾਮ ਸਾਂਝਾ ਬਿਆਨ ਜਾਰੀ ਕਰਦਿਆਂ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੇ ਕਨਵੀਨਰ ਗੁਰਚਰਨ ਸਿੰਘ ਰਾਮਗੜ੍ਹ, ਜੋਰਾ ਸਿੰਘ ਚੀਮਾ ਪ੍ਰਧਾਨ ਬਹੁਜਨ ਸਮਾਜ ਟਰੇਡ ਐਸੋਸੀਏਸਨ ਪੰਜਾਬ, ਰੇਸਮ ਸਿੰਘ ਕਾਹਲੋਂ ਪ੍ਰਧਾਨ (ਨਰੇਗਾ ਫਰੰਟ ਪੰਜਾਬ), ਗੁਰਬਚਨ ਸਿੰਘ ਪੀਪਲਜ ਪਾਰਟੀ ਆਫ ਇੰਡੀਆ, ਦਲੀਪ ਸਿੰਘ ਬੁਚੜੇ ਪ੍ਰਧਾਨ ਨਵ-ਨਿਰਮਾਣ ਕ੍ਰਾਂਤੀ ਦਲ ਪੰਜਾਬ, ਅਮਰਜੀਤ ਸਿੰਘ ਰਾਮਗੜੀਆ ਕਨਵੀਨਰ ਕਿਰਤੀ ਸਮਾਜ ਪੰਜਾਬ, ਰਾਜ ਸਿੰਘ ਟੋਡਰਵਾਲ ਪ੍ਰਧਾਨ ਜਬਰ ਜੁਲਮ ਵਿਰੋਧੀ ਫਰੰਟ ਪੰਜਾਬ, ਗੁਰਕੀਰਤ ਸਿੰਘ ਦਲਿੱਤ ਭਲਾਈ ਫੈਡਰੇਸਨ ਆਦਿਕ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਅਮਰਿੰਦਰ ਸਿੰਘ ਨੇ ਭਾਵੇਂ ਮੁੱਖ ਸਕੱਤਰ ਪੰਜਾਬ ਸ੍ਰੀਮਤੀ ਵਿੰਨੀ ਮਹਾਜਨ ਸੀਨੀਅਰ ਆਈ.ਏ.ਐਸ.ਅਫਸਰ ਨੂੰ ਸਕਾਲਰਸਿਪ ਘਪਲੇ ਦੀ ਜਾਂਚ ਦੀ ਜਿੰਮੇਵਾਰੀ ਸੌਂਪੀ ਹੈ, ਪ੍ਰੰਤੂ ਸਾਧੂ ਰਾਮ ਦਾ ਮੰਤਰੀ ਮੰਡਲ ਵਿੱਚ ਬਣੇ ਰਹਿਣ ਤੱਕ ਨਿਰਪੱਖ ਜਾਂਚ ਦੀ ਕਲਪਨਾ ਕਰਨੀ ਬਹੁਤ ਮੁਸ਼ਕਿਲ ਅਤੇ ਔਖੀ ਹੈ|
ਆਗੂਆਂ ਨੇ ਮੰਗ ਦੁਹਰਾਈ ਕਿ ਸਾਧੂ ਰਾਮ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕੀਤਾ ਜਾਵੇ ਅਤੇ ਸਕਾਲਰਸਿਪ ਘੁਟਾਲੇ ਦੀ ਜਾਂਚ ਸੀ.ਬੀ.ਆਈ. ਜਾਂ ਮਾਨਯੋਗ ਹਾਈਕੋਰਟ ਦੇ ਸੀਟਿੰਗ ਜੱਜ ਤੋਂ ਕਰਵਾਈ ਜਾਵੇ| ਇਸ ਸਬੰਧੀ ਦਲਿੱਤ ਸਮਾਜ ਅਤੇ ਸਮਾਜ ਦੀਆਂ ਭਰਾਤਰੀ ਜਥੇਬੰਦੀਆਂ ਸੰਵਿਧਾਨ ਬਚਾਓ ਐਕਸਨ ਕਮੇਟੀ ਭਾਰਤ ਅੱਜ 2 ਸਤੰਬਰ ਦਿਨ ਬੁੱਧਵਾਰ ਨੂੰ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਨੂੰ ਚੰਡੀਗੜ੍ਹ ਵਿਖੇ ਮੰਗ ਪੱਤਰ ਦੇਵੇਗੀ ਤਾਂ ਜੋ ਸਕਾਲਰਸਿਪ ਘੁਟਾਲੇ ਦੀ ਨਿਰਪੱਖ ਜਾਂਚ ਹੋ ਸਕੇ|