
ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜਨਮ ਅਸ਼ਟਮੀ ਅਤੇ ਅੰਤਰਰਾਸ਼ਟਰੀ ਯੁਵਕ ਦਿਵਸ ਮੌਕੇ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਤਹਿਤ ਪੰਜਾਬ ਸਰਕਾਰ ਵਲੋਂ ਵਿਦਿਆਰਥੀ ਵਰਗ ਨੂੰ ਤਕਨੀਕੀ ਤੌਰ ’ਤੇ ਸਮਰੱਥ ਬਣਾਉਣ ਦੇ ਮੰਤਵ ਨਾਲ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦੀ ਅੱਜ ਜ਼ਿਲੇ ਵਿਚ ਸ਼ੁਰੂਆਤ ਕਰ ਦਿੱਤੀ ਗਈ। ਇਸ ਸਬੰਧੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਇਕ ਸੰਖੇਪ ਸਮਾਗਮ ਦੌਰਾਨ ਹਲਕਾ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਅਤੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਐਸ. ਐਸ. ਪੀ ਸ੍ਰੀਮਤੀ ਅਲਕਾ ਮੀਨਾ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਸਤਬੀਰ ਸਿੰਘ ਪੱਲੀ ਝਿੱਕੀ ਅਤੇ ਜ਼ਿਲਾ ਯੂਥ ਪ੍ਰਧਾਨ ਸ੍ਰੀ ਹੀਰਾ ਖੇਪੜ ਦੀ ਹਾਜ਼ਰੀ ਵਿਚ 15 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡ ਕੇ ਪਹਿਲੇ ਪੜਾਅ ਦਾ ਰਸਮੀ ਆਗਾਜ਼ ਕੀਤਾ।
ਇਸ ਮੌਕੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਵਿਦਿਆਰਥੀਆਂ ਨੂੰ ਇਕ ਬਹੁਤ ਵਧੀਆ ਤੋਹਫ਼ਾ ਦਿੱਤਾ ਹੈ। ਉਨਾਂ ਦੱਸਿਆ ਕਿ 92 ਕਰੋੜ ਰੁਪਏ ਖ਼ਰਚ ਕਰ ਕੇ ਸੂਬੇ ਭਰ ਦੇ ਬਾਰਵੀਂ ਜਮਾਤ ਦੇ 1.74 ਲੱਖ ਵਿਦਿਆਰਥੀਆਂ ਨੂੰ ਇਹ ਫੋਨ ਦਿੱਤੇ ਜਾ ਰਹੇ ਹਨ। ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਇਹ ਸਮਾਰਟ ਫੋਨ ਵਰਦਾਨ ਸਾਬਤ ਹੋਣਗੇ ਅਤੇ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਪੜਾਈ ਅੱਗੇ ਤੋਰਨ ਵਿਚ ਬਹੁਤ ਵੱਡੀ ਮਦਦ ਕੀਤੀ ਗਈ ਹੈ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਦੁਨੀਆ ਨਾਲ ਜੋੜਨ ਲਈ ਇਹ ਇਕ ਬਹੁਤ ਹੀ ਵਧੀਆ ਉਪਰਾਲਾ ਹੈ ਅਤੇ ਇਹ ਸਕੀਮ ਨੌਜਵਾਨਾਂ ਦੇ ਡਿਜੀਟਲ ਸਸ਼ਕਤੀਕਰਨ ਵੱਲ ਇਕ ਮੀਲ ਪੱਥਰ ਸਾਬਤ ਹੋਵੇਗੀ। ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜ਼ਿਲੇ ਵਿਚ ਬਾਰਵੀਂ ਜਮਾਤ ਦੇ 3762 ਵਿਦਿਆਰਥੀਆਂ ਨੂੰ ਇਹ ਸਮਾਰਟ ਫੋਨ ਦਿੱਤੇ ਜਾਣਗੇ, ਜਿਨਾਂ ਵਿਚ 1897 ਲੜਕੇ ਅਤੇ 1865 ਲੜਕੀਆਂ ਸ਼ਾਮਲ ਹਨ। ਉਨਾਂ ਕਿਹਾ ਕਿ ਸਮਾਰਟ ਫੋਨ ਨਾਲ ਨਾ ਸਿਰਫ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਮੇਂ ਦੇ ਹਾਣੀ ਬਣਨਗੇ ਸਗੋਂ ਕੋਰੋਨਾ ਕਾਰਨ ਚੱਲ ਰਹੀ ਆਨ ਲਈਨ ਪੜਾਈ ਵਿਚ ਵੀ ਇਹ ਬਹੁਤ ਸਹਾਈ ਹੋਣਗੇ ਅਤੇ ਉਨਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਉਪਲਬੱਧ ਹੋਣਗੇ। ਉਨਾਂ ਦੱਸਿਆ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਇਨਾਂ ਫੋਨਾਂ ਵਿਚ ਵਿਦਿਆਰਥੀਆਂ ਲਈ ਲੋੜੀਂਦੇ ਸਾਰੇ ਫੀਚਰ ਅਤੇ ਐਪ ਉਪਲਬੱਧ ਹਨ। ਇਸ ਤੋਂ ਪਹਿਲਾਂ ਸਾਰਿਆਂ ਵਲੋਂ ਰਾਜ ਪੱਧਰ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਮੁਹਿੰਮ ਦੇ ਕੀਤੇ ਗਏ ਉਦਘਾਟਨੀ ਸਮਾਗਮ ਵਿਚ ਵੀਡੀਓ ਕਾਨਫਰੰਸ ਰਾਹੀਂ ਸ਼ਿਰਕਤ ਕੀਤੀ ਗਈ। ਸਮਾਰਟ ਫੋਨ ਹਾਸਲ ਕਰਨ ਵਾਲੇ ਵਿਦਿਆਰਥੀ ਇਸ ਮੌਕੇ ਬੇਹੱਦ ਖੁਸ਼ ਨਜ਼ਰ ਆਏ ਅਤੇ ਉਨਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਇਸ ਯੋਜਨਾ ਨਾਲ ਉਨਾਂ ਨੂੰ ਕੋਵਿਡ ਦੌਰਾਨ ਘਰ ਬੈਠ ਕੇ ਆਪਣੀ ਪੜਾਈ ਨੂੰ ਜਾਰੀ ਰੱਖਣ ਵਿਚ ਬਹੁਤ ਸਹਾਰਾ ਮਿਲੇਗਾ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਸ਼ੀਲ ਕੁਮਾਰ ਤੁਲੀ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਅਮਰੀਕ ਸਿੰਘ, ਪਿ੍ਰੰਸੀਪਲ ਸਰਬਜੀਤ ਸਿੰਘ, ਸਿੱਖਿਆ ਵਿਭਾਗ ਦੇ ਬੁਲਾਰੇ ਪਮੋਦ ਭਾਰਤੀ, ਜ਼ਿਲਾ ਸੋਸ਼ਲ ਮੀਡੀਆ ਕੋਆਰਡੀਨੇਟਰ ਗੁਰਦਿਆਲ ਸਿੰਘ, ਮੈਂਬਰ ਜ਼ਿਲਾ ਸਿੱਖਿਆ ਸੁਧਾਰ ਟੀਮ ਵਿਨੇ ਕੁਮਾਰ ਅਤੇ ਹੋਰ ਹਾਜ਼ਰ ਸਨ।





















