ਵਾਸ਼ਿੰਗਟਨ (ਹੁਸਨ ਲੜੋਆ ਬੰਗਾ)– ਅਮਰੀਕੀ ਖੁਫ਼ੀਆ ਵਿਭਾਗ ਦੇ ਨਵੇਂ ਜਾਇਜ਼ੇ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਰੂਸ ਨਹੀਂ ਚਹੁੰਦਾ ਕਿ ਡੈਮੋਕਰੈਟਸ ਉਮੀਦਵਾਰ ਜੋਅ ਬਿਡੇਨ ਰਾਸ਼ਟਰਪਤੀ ਬਣੇ ਤੇ ਉਹ ਬਿਡੇਨ ਦੀ ਹਾਰ ਲਈ ਕੰਮ ਕਰ ਰਿਹਾ ਹੈ। ਦੂਸਰੇ ਪਾਸੇ ਚੀਨ ਤੇ ਈਰਾਨ ਡੋਨਾਲਡ ਟਰੰਪ ਦਾ ਵਿਰੋਧ ਕਰ ਰਹੇ ਹਨ ਤੇ ਉਹ ਉਸ ਨੂੰ ਹਰਿਆ ਹੋਇਆ ਵੇਖਣਾ ਚਹੁੰਦੇ ਹਨ। ਨੈਸ਼ਨਲ ਕਾਊਂਟਰ ਇੰਟੈਲੀਜੈਂਸੀ ਐਂਡ ਸਕਿਉਰਟੀ ਸੈਂਟਰ ਦੇ ਮੁੱਖੀ ਦੁਆਰਾ ਪ੍ਰਕਾਸ਼ਤ ਵਿਸ਼ਲੇਸ਼ਣ ਵਿਚ ਕਿਹਾ ਗਿਆ ਹੈ ਕਿ ਈਰਾਨ ਵੋਟਾਂ ਨੂੰ ਵੰਡਣ ਉਪਰ ਕੰਮ ਕਰ ਰਿਹਾ ਹੈ।
ਈਰਾਨ ਨੂੰ ਡਰ ਹੈ ਕਿ ਜੇਕਰ ਟਰੰਪ ਦੁਬਾਰਾ ਚੁਣਿਆ ਗਿਆ ਤਾਂ ਉਹ ਈਰਾਨੀ ਹਕੁਮਤ ਦਾ ਤਖਤਾ ਪਲਟਣ ਦੀ ਕੋਸ਼ਿਸ਼ ਕਰੇਗਾ। ਵਿਸ਼ਲੇਸ਼ਣ ਵਿਚ ਕਿਹਾ ਗਿਆ ਹੈ ਕਿ ਕਰੈਮਲਿਨ ਨਾਲ ਸਬੰਧਤ ਕੁਝ ਐਕਟਰ ਸੋਸ਼ਲ ਮੀਡੀਆ ਅਤੇ ਰਸ਼ੀਅਨ ਟੈਲੀਵੀਜ਼ਨ ਉਪਰ ਡੋਨਾਲਡ ਟਰੰਪ ਦੇ ਹੱਕ ਵਿਚ ਪ੍ਰਚਾਰ ਕਰਦੇ ਵੇਖੇ ਜਾ ਸਕਦੇ ਹਨ। ਵਿਸ਼ਲੇਸ਼ਣ ਅਨੁਸਾਰ ਚੀਨੀ ਅਧਿਕਾਰੀਆਂ ਨੇ ਟਰੰਪ ਦੇ ਵਿਰੋਧ ਵਿਚ ਆਪਣੀਆਂ ਕੋਸ਼ਿਸ਼ਾਂ ਤੇਜ ਕਰ ਦਿੱਤੀਆਂ ਹਨ। ਵਿਸ਼ਲੇਸ਼ਣ ਵਿਚ ਦਸੰਬਰ 1919 ਤੋਂ ਚੀਨ ਤੇ ਅਮਰੀਕਾ ਵਿਚਾਲੇ ਪੈਦਾ ਹੋਏ ਟਕਰਾਅ ਦਾ ਵੀ ਜਿਕਰ ਕੀਤਾ ਗਿਆ ਹੈ।