ਆਰ.ਐਸ.ਪੀ. ਵਲੋਂ ਸੁਧੀਰ ਸੂਰੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ

ਕਾ. ਕਰਨੈਲ ਸਿੰਘ ਇਕੋਲਾਹ , ਐਡਵੋਕੇਟ ਅਸ਼ਵਨੀ ਕੁਮਾਰ ਢੰਡ। ਫੋਟੋ : ਧੀਮਾਨ

ਖੰਨਾ (ਪਰਮਜੀਤ ਸਿੰਘ ਧੀਮਾਨ) : ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ.) ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸੁਧੀਰ ਸੂਰੀ ਨਾਮ ਦੇ ਫਿਰਕੂ ਅਤੇ ਭੜਕਾਊ ਅਨਸਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ, ਜੋ ਪੰਜਾਬ ਵਿਚ ਕਿਸੇ ਗਿਣੀ ਮਿੱਥੀ ਸਾਜਿਸ਼ ਤਹਿਤ ਸਿੱਖ ਭਾਈਚਾਰੇ ਨੂੰ ਭੜਕਾਉਣ ਅਤੇ ਸੂਬੇ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਇਸ ਸੰਬੰਧੀ ਅੱਜ ਆਰ.ਐਸ.ਪੀ. ਦੇ ਸੂਬਾ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਅਤੇ ਸੂਬਾ ਕਮੇਟੀ ਮੈਂਬਰ ਐਡਵੋਕੇਟ ਅਸ਼ਵਨੀ ਕੁਮਾਰ ਢੰਡ ਨੇ ਜਾਰੀ ਬਿਆਨ ‘ਚ ਕਿਹਾ ਕਿ ਸ਼ਿਵ ਸੈਨਾ ਦੇ ਇਸ ਆਪੂ ਬਣੇ ਆਗੂ ਨੇ ਸੋਸ਼ਲ ਮੀਡੀਆ ‘ਤੇ ਉਪਰ ਪਾਈ ਆਪਣੀ ਇਕ ਵੀਡੀਓ ਵਿਚ ਸਿੱਖ ਭਾਈਚਾਰੇ, ਪੰਜਾਬੀ ਔਰਤਾਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਅਜਿਹੀ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਜਿਸਨੂੰ ਕੋਈ ਵੀ ਸੱਭਿਅਕ ਵਿਅਕਤੀ ਨਾ ਸੁਣ ਸਕਦਾ ਹੈ ਅਤੇ ਨਾ ਸਹਿਣ ਕਰ ਸਕਦਾ ਹੈ ।

ਇਹ ਵਿਅਕਤੀ ਇਉਂ ਗੱਲ ਕਰਦਾ ਹੈ, ਜਿਵੇਂ ਪੰਜਾਬ ਜਾਂ ਭਾਰਤ ਇਸਦੀ ਨਿੱਜੀ ਜਾਗੀਰ ਹੋਵੇ ਅਤੇ ਸਿੱਖ, ਮਜ਼ਦੂਰ ਜਾਂ ਹੋਰ ਘੱਟ ਗਿਣਤੀਆਂ ਦੀ ਹੈਸੀਅਤ ਇੱਥੇ ਸਿਰਫ ਤਰਸ ਦੇ ਆਧਾਰ ‘ਤੇ ਰਹਿ ਰਹੇ ਲਾਚਾਰ ਲੋਕਾਂ ਵਰਗੀ ਹੋਵੇ । ਉਨ੍ਹਾਂ ਸੂਰੀ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਸਨੂੰ ਅਪਣੇ ਦਿਮਾਗ਼ ਵਿਚੋਂ ਇਹ ਭਰਮ ਕੱਢ ਦੇਣਾ ਚਾਹੀਦਾ ਹੈ, ਜਿਨ੍ਹਾਂ ਨੇ ਦੇਸ਼ ਨੂੰ ਬਰਤਾਨਵੀ ਸਾਮਰਾਜ ਤੋਂ ਆਜ਼ਾਦ ਕਰਵਾਉਣ ਲਈ ਅਥਾਹ ਕੁਰਬਾਨੀਆਂ ਕੀਤੀਆਂ ਹਨ, ਉਹ ਇੱਥੇ ਮਾਣ ਇੱਜ਼ਤ ਨਾਲ ਰਹਿਣਾ ਅਤੇ ਅਜਿਹੇ ਬੜਬੋਲਿਆਂ ਨੂੰ ਉਨ੍ਹਾਂ ਦੀ ਔਕਾਤ ਦੱਸਣਾ ਵੀ ਜਾਣਦੇ ਹਨ। ਆਰ.ਐਸ.ਪੀ. ਆਗੂਆਂ ਦਾ ਕਹਿਣਾ ਹੈ ਕਿ ਜੇਕਰ ਕੈਪਟਨ ਸਰਕਾਰ ਸੂਬੇ ਵਿਚ ਅਮਨ ਅਤੇ ਭਾਈਚਾਰਕ ਸਦਭਾਵਨਾ ਕਾਇਮ ਰੱਖਣਾ ਚਾਹੁੰਦੀ ਹੈ, ਤਾਂ ਉਸਨੂੰ ਸੂਬੇ ਵਿਚ ਸੰਘ-ਬੀਜੇਪੀ ਦੀਆਂ ਫਿਰਕੂ ਚਾਲਾਂ ਨੂੰ ਅਮਲੀ ਰੂਪ ਦੇ ਰਹੇ ਇਸ ਵਿਅਕਤੀ ਨੂੰ ਤੁਰੰਤ ਗ੍ਰਿਫਤਾਰ ਕਰਕੇ ਪੂਰੀ ਸਾਜਿਸ਼ ਦੀ ਡੂੰਘਾਈ ਤੱਕ ਪੜਤਾਲ ਕਰਨੀ ਚਾਹੀਦੀ ਹੈ ।

Share This :

Leave a Reply