ਵਾਪਸੀ ਦੀ ਉਡੀਕ ‘ਚ ਬਹੁਤੇ ਭਾਰਤੀ ਅਤੇ ਨਵੇਂ ਨਿਯਮ ਲਾਗੂ
ਬ੍ਰਿਸਬੇਨ, ਆਸਟ੍ਰੇਲੀਆ (ਹਰਜੀਤ ਲਸਾੜਾ) ਇੱਥੇ ਕੌਮੀ ਮੰਤਰੀ ਮੰਡਲ ਦੀ ਇੱਕ ਵਿਸ਼ੇਸ਼ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਆਪਣੇ ਰਾਸ਼ਟਰੀ ਸੰਬੋਧਨ ‘ਚ ਕਿਹਾ ਹੈ ਕਿ ਅੰਤਰਰਾਸ਼ਟਰੀ ਆਗਮਨ ਹੱਦਬੰਦੀ ਫ਼ਿਲਹਾਲ ਨਹੀਂ ਵਧਾਈ ਜਾਵੇਗੀ ਪਰ ਸਰਕਾਰ ਦਾ ਪੂਰਾ ਧਿਆਨ ਘਰੇਲੂ ਸਰਹੱਦੀ ਹੱਦਬੰਦੀ ਵਿੱਚ ਸੁਰੱਖਿਅਤ ਤਰੀਕੇ ਨਾਲ ਵਾਧੇ ‘ਤੇ ਕੇਂਦ੍ਰਿਤ ਰਹੇਗਾ। ਫ਼ਰਵਰੀ ਮਹੀਨੇ ਦੇ ਸ਼ੁਰੂ ਵਿੱਚ ਸੂਬਾ ਕੁਈਨਜ਼ਲੈਂਡ, ਨਿਊ ਸਾਊਥ ਵੇਲਜ਼ ਅਤੇ ਪੱਛਮੀ ਆਸਟਰੇਲੀਆ ‘ਚ ਸੰਘੀ ਸਰਕਾਰ ਵੱਲੋਂ ਅੰਤਰਰਾਸ਼ਟਰੀ ਆਗਮਨ ਹੱਦਬੰਦੀ ਵਿੱਚ 50 ਪ੍ਰਤੀਸ਼ਤ ਦੀ ਕਟੌਤੀ ਕਰਣ ਦਾ ਐਲਾਨ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਸਤੰਬਰ ਦੇ ਮੱਧ ਤੋਂ ਹੁਣ ਤੱਕ ਲਗਭਗ 79,000 ਆਸਟ੍ਰੇਲੀਅਨ ਘਰ ਪਰਤਣ ਵਿੱਚ ਕਾਮਯਾਬ ਹੋਏ ਹਨ ਅਤੇ ਤਕਰੀਬਨ 37,000 ਸਥਾਨਕ ਨਾਗਰਿਕ ਵਾਪਸੀ ਦੀ ਉਡੀਕ ਵਿੱਚ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਡੀ ਗਿਣਤੀ ਭਾਰਤੀਆਂ ਦੀ ਹੈ।
ਸਰਕਾਰ ਵੱਲੋਂ ਪਿਛਲੇ ਹਫ਼ਤੇ ਐਲਾਨੀਆਂ ਗਈਆਂ 20 ਅੰਤਰਰਾਸ਼ਟਰੀ ਉਡਾਣਾਂ ਤੋਂ ਇਲਾਵਾ ਹੋਰ ਵਧੇਰੇ ਉਡਾਣਾਂ ਦੇ ਆਯੋਜਨ ਬਾਬਤ ਸ੍ਰੀ ਮੌਰੀਸਨ ਨੇ ਕਿਹਾ ਕਿ ਇਹ ਫ਼ੈਸਲਾ ਆਸਟਰੇਲੀਆ ‘ਚ ‘ਸਿਹਤ ਅਤੇ ਸੁਰੱਖਿਆ’ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਸੰਭਵ ਹੋਵੇਗਾ। ਕੋਵਿਡ-19 ਵਾਇਰਸ ਦੇ ਨਵੇਂ ਰੂਪ ਤੋਂ ਸਾਵਧਾਨੀ ਵਰਤਦਿਆਂ ਵਿਦੇਸ਼ਾਂ ਤੋਂ ਵਾਪਸ ਪਰਤ ਰਹੇ ਆਸਟਰੇਲਿਆਈ ਲੋਕਾਂ ਨੂੰ ਹੁਣ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਪਏਗੀ। ਹੁਣ ਵਾਪਿਸ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਰਵਾਨਾ ਹੋਣ ਤੋਂ ਘੱਟੋ-ਘੱਟ 72 ਘੰਟੇ ਪਹਿਲਾਂ ਕੋਵਿਡ-19 ਟੈਸਟ ਲਾਜ਼ਮੀ ਹੋਵੇਗਾ ਅਤੇ ਕਿਸੇ ਤੀਜੇ ਦੇਸ਼ ਵਿੱਚ ਟਰਾਂਸਿਟ ਕਰਣ ਸਮੇਂ ਉਸ ਮੁਲਕ ਦੇ ਕੋਵਿਡ-19 ਕਾਨੂੰਨਾਂ ਅਤੇ ਨੀਤੀਆਂ ਤੋਂ ਯਾਤਰੀਆਂ ਨੂੰ ਆਪ ਜਾਣੂ ਹੋਣਾ ਪਵੇਗਾ। ਕੋਵਿਡ ਟੈਸਟ ਪੋਜ਼ੀਟਿਵ ਆਉਂਣ ‘ਤੇ ਆਸਟ੍ਰੇਲੀਆ ‘ਚ ਵਾਪਸੀ ਦੀ ਆਗਿਆ ਨਹੀਂ ਹੋਵੇਗੀ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਉਡਾਣਾਂ ‘ਤੇ ਹਵਾਈ ਅੱਡਿਆਂ ਉੱਤੇ ਮਾਸਕ ਪਾਉਣਾ ਵੀ ਲਾਜ਼ਮੀ ਹੋਵੇਗਾ।