ਕੈਲੀਫੋਰਨੀਆ (ਹੁਸਨ ਲੜੋਆ ਬੰਗਾ)— ਰਾਜਸੀ ਮਾਹੌਲ ਤੋਂ ਨਾ ਖੁਸ਼ ਤੇ ਕਈ ਹੋਰ ਕਾਰਨਾਂ ਕਰਕੇ ਵੱਡੀ ਗਿਣਤੀ ਵਿਚ ਲੋਕ ਅਮਰੀਕੀ ਨਾਗਰਿਕਤਾ ਛੱਡ ਰਹੇ ਹਨ। ਇਹ ਖੁਲਾਸਾ ਐਤਵਾਰ ਨੂੰ ਪ੍ਰਕਾਸ਼ਿਤ ਹੋਈ ਨਵੀਂ ਖੋਜ਼ ਵਿਚ ਹੋਇਆ ਹੈ। ਬੈਮਬਰਿਜ ਅਕਾਊਂਟੈਂਟਸ ਅਨੁਸਾਰ 2020 ਦੇ ਪਹਿਲੇ 6 ਮਹੀਨਿਆਂ ਦੌਰਾਨ 5800 ਤੋਂ ਵਧ ਵਿਅਕਤੀਆਂ ਨੇ ਅਮਰੀਕੀ ਨਾਗਰਿਕਤਾ ਛੱਡੀ ਜਦ ਕਿ 2019 ਵਿਚ ਪੂਰੇ ਸਾਲ ਦੌਰਾਨ 2072 ਅਮਰੀਕੀਆਂ ਨੇ ਨਾਗਰਿਕਤਾ ਛੱਡੀ ਸੀ।
ਬੈਮਬਰਿਜ ਅਕਾਊਂਟੈਂਟਸ ਅਨੁਸਾਰ ਉਸ ਨੇ ਇਹ ਅੰਕੜੇ ਅਮਰੀਕੀ ਸਰਕਾਰ ਵੱਲੋਂ ਨਾਗਰਿਕਤਾ ਛੱਡਣ ਵਾਲਿਆਂ ਦੀ ਹਰ 3 ਮਹੀਨੇ ਬਾਅਦ ਪ੍ਰਕਾਸ਼ਿਤ ਕੀਤੀ ਜਾਂਦੀ ਸੂਚੀ ਵਿਚੋਂ ਲਏ ਹਨ। ਨਾਗਰਿਕਤਾ ਛੱਡਣ ਵਾਲਿਆਂ ਵਿਚੋਂ ਬਹੁਤਿਆਂ ਦਾ ਕਹਿਣਾ ਹੈ ਕਿ ਉਹ ਅਮਰੀਕਾ ਵਿਚਲੇ ਮੌਜੂਦਾ ਰਾਜਸੀ ਮਾਹੌਲ ਤੋਂ ਨਿਰਾਸ਼ ਹਨ। ਕੁਝ ਹੋਰਨਾਂ ਨੇ ਨਾਗਰਿਕਤਾ ਛੱਡਣ ਦਾ ਕਾਰਨ ਟੈਕਸਾਂ ਨੂੰ ਦਸਿਆ ਹੈ। ਇਥੇ ਵਰਣਨਯੋਗ ਹੈ ਕਿ ਵਿਦੇਸ਼ਾਂ ਵਿਚ ਰਹਿੰਦੇ ਅਮਰੀਕੀਆਂ ਨੂੰ ਹਰ ਸਾਲ ਟੈਕਸ ਰਿਟਰਨ ਭਰਨੀ ਪੈਂਦੀ ਹੈ। ਉਨਾਂ ਨੂੰ ਵਿਦੇਸ਼ ਵਿਚਲੇ ਬੈਂਕ ਖਾਤਿਆਂ, ਨਿਵੇਸ਼ ਤੇ ਪੈਨਸ਼ਨ ਬਾਰੇ ਜਾਣਕਾਰੀ ਦੇਣੀ ਪੈਂਦੀ ਹੈ। ਹਾਲਾਂ ਕਿ ਉਹ 1200 ਡਾਲਰ ਦੇ ਪ੍ਰੋਤਸਾਹਨ ਚੈੱਕ ਤੇ ਹਰ ਬੱਚੇ ਲਈ 500 ਡਾਲਰ ਪ੍ਰਤੀ ਮਹੀਨਾ ਲੈਣ ਦੇ ਹੱਕਦਾਰ ਹਨ। ਹੋਰ ਦੇਸ਼ਾਂ ਵਿਚ ਰਹਿੰਦੇ ਅਮਰੀਕੀ ਜੋ ਨਾਗਰਿਕਤਾ ਛੱਡਣੀ ਚਹੁੰਦੇ ਹਨ ,ਨੂੰ 2350 ਡਾਲਰਾਂ ਦੀ ਅਦਾਇਗੀ ਕਰਨੀ ਪੈਂਦੀ ਹੈ ਤੇ ਅਮਰੀਕੀ ਦੂਤ ਘਰ ਵਿਚ ਨਿੱਜੀ ਤੌਰ ‘ਤੇ ਪੇਸ਼ ਹੋਣਾ ਪੈਂਦਾ ਹੈ।