ਘਟਾਏ ਨਿਰਧਾਰਿਤ ਰੇਟਾਂ ਤੋਂ ਵੱਧ ਪੈਸੇ ਨਹੀਂ ਵਸੂਲ ਸਕਦੀਆਂ ਪ੍ਰਾਈਵੇਟ ਲੈਬ
ਅੰਮ੍ਰਿਤਸਰ (ਮੀਡੀਆ ਬਿਊਰੋ) ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਟੈਸਟਾਂ ਲਈ ਆਮ ਲੋਕਾਂ ਦੀ ਭਲਾਈ ਨੂੰ ਮੁੱਖ ਰੱਖਦੇ ਹੋਏ ਰੇਟ ਹੋਰ ਘਟਾ ਦਿੱਤੇ ਗਏ ਹਨ ਅਤੇ ਹੁਣ ਪ੍ਰਾਈਵੇਟ ਲੈਬ ਵੀ ਸਰਕਾਰ ਦੁਆਰਾ ਨਿਰਧਾਰਿਤ ਰੇਟਾਂ ਤੋਂ ਜ਼ਿਆਦਾ ਰੇਟ ਨਹੀਂ ਲੈ ਸਕਦੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਵਾਜਿਬ ਰੇਟਾਂ ਤੇ ਟੈਸਟ ਦੀ ਸੁਵਿਧਾ ਉਪਲਬੱਧ ਕਰਵਾਉਣ ਲਈ ਸਰਕਾਰ ਵੱਲੋਂ ਪ੍ਰਾਈਵੇਟ ਲੈਬ ਲਈ ਕੋਵਿਡ-19 ਦੇ ਟੈਸਟਾਂ ਦੇ ਰੇਟ ਤੈਅ ਕਰ ਦਿੱਤੇ ਹਨ। ਹੁਣ ਪ੍ਰਾਈਵੇਟ ਲੈਬ ਵੱਲੋਂ ਕੋਵਿਡ-19 ਦੇ ਇੱਕ ਆਰ.ਟੀ-ਪੀ.ਸੀ.ਆਰ ਟੈਸਟ ਲਈ ਵੱਧ ਤੋਂ ਵੱਧ 2400 ਰੁਪਏ ਅਤੇ ਰੈਪਿਡ ਐਂਟੀਜਨ ਟੈਸਟਿੰਗ (ਆਰ.ਏ.ਟੀ) ਲਈ 700/- ਰੁਪਏ ਹੀ ਵਸੂਲ ਸਕਣਗੇ, ਜਿਸ ਵਿੱਚ ਜੀ.ਐਸ.ਟੀ ਤੇ ਹੋਰ ਸਾਰੇ ਟੈਕਸ ਸ਼ਾਮਿਲ ਹੋਣਗੇ। ਪਹਿਲਾਂ ਇਸ ਟੈਸਟ ਦੀ ਕੀਮਤ 1000 ਰੁਪਏ ਸੀ। ਘਰਾਂ ਤੋਂ ਸੈਂਪਲ ਇਕੱਠੇ ਕਰਨ ਦੀ ਵਾਧੂ ਸੁਵਿਧਾ ਲਈ ਰੇਟ ਪ੍ਰਾਈਵੇਟ ਲੈਬ ਵੱਲੋਂ ਆਪਣੇ ਪੱਧਰ ਤੇ ਤੈਅ ਕੀਤੇ ਜਾਣਗੇ।
ਟੈਸਟ ਆਈਸੀਐਮਆਰ ਵੱਲੋਂ ਮੰਜੂਰਸ਼ੁਦਾ 45 ਪ੍ਰਾਈਵੇਟ ਲੈਬ ਵੱਲੋਂ ਕੀਤੇ ਜਾ ਸਕਦੇ ਹਨ। ਜਦੋਂ ਕਿ ਰਾਜ ਦੇ 600 ਸਰਕਾਰੀ ਹਸਪਤਾਲਾਂ ਵਿੱਚ ਇਹ ਟੈਸਟ ਦੀ ਸੁਵਿਧਾ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਣ ਅਣਚਾਹੇ ਤੇ ਅਣਕਿਆਸੇ ਹਾਲਾਤ ਪੈਦਾ ਹੋਏ ਹਨ, ਜਿਨਾਂ ਦਾ ਸਾਹਮਣਾ ਕਰਨ ਲਈ ਸਾਨੂੰ ਸਭ ਨੂੰ ਮਿਲ ਕੇ ਕਾਰਵਾਈ ਕਰਨ ਤੇ ਸਹਿਯੋਗ ਕਰਨ ਦੀ ਜ਼ਰੂਰਤ ਹੈ। ਇਸ ਬਿਮਾਰੀ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਇਨਫੈਕਸ਼ਨ ਦੀ ਜਲਦੀ ਪਹਿਚਾਣ ਕੀਤੀ ਜਾਵੇ। ਉਨਾਂ ਕਿਹਾ ਕਿ ਇਸ ਬਿਮਾਰੀ ਦੇ ਫੈਲਣ ਤੇ ਇਸ ਨਾਲ ਮੌਤਾਂ ਦਾ ਮੁੱਖ ਕਾਰਣ ਇਹ ਹੈ ਕਿ ਲੱਛਣ ਹੋਣ ਦੇ ਬਾਵਜੂਦ ਲੋਕ ਸਿਹਤ ਸੰਸਥਾਵਾਂ ਨੂੰ ਦੇਰੀ ਨਾਲ ਸੂਚਿਤ ਕਰਦੇ ਹਨ, ਜਿਸ ਦੇ ਚੱਲਦੇ ਕੋਵਿਡ-19 ਦੇ ਟੈਸਟ ਵਿੱਚ ਦੇਰੀ ਹੋ ਜਾਂਦੀ ਹੈ ਅਤੇ ਕਈ ਵਾਰੀ ਇਸ ਦੇ ਗੰਭੀਰ ਨਤੀਜੇ ਸਾਹਮਣੇ ਆ ਜਾਂਦੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ੱਕੀ ਮਰੀਜਾਂ ਨੂੰ ਟੈਸਟ ਕਰਵਾਉਣ ਲਈ ਡਾਕਟਰ ਦੀ ਪਰਚੀ ਦੀ ਜ਼ਰੂਰਤ ਨਹੀਂ ਹੈ ਅਤੇ ਜਿਨਾਂ ਦਾ ਟੈਸਟ ਪੋਜੀਟਿਵ ਆਇਆ ਹੈ ਤਾਂ ਉਹ ਘਰਾਂ ਵਿੱਚ ਵੀ ਆਈਸੋਲੇਟ ਹੋ ਸਕਦੇ ਹਨ।