ਮਰੀਜਾਂ ਦੇ ਹੁਣ ਤੱਕ 46 ਡਾਇਲੇਸਿਸ ਸਫ਼ਲਤਾ ਪੂਰਵਕ ਕੀਤੇ

ਪਟਿਆਲਾ (ਮੀਡੀਆ ਬਿਊਰੋ) ਜ਼ਿਲਾ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਖਿੱਤੇ ਦਾ ਇੱਕੋ-ਇੱਕ ਅਜਿਹਾ ਸਰਕਾਰੀ ਹਸਪਤਾਲ ਹੈ, ਜਿੱਥੇ ਕੋਵਿਡ ਆਈ.ਸੀ.ਯੂ. ‘ਚ ਗੁਰਦਾ ਰੋਗ ਤੋਂ ਪੀੜਤਾਂ ਦਾ ਡਾਇਲੇਸਿਸ ਕਰਨ ਦੀ ਸਹੂਲਤ ਉਪਲਬਧ ਹੈ। ਇੱਥੇ ਹੁਣ ਤੱਕ ਕੋਵਿਡ ਪਾਜਿਟਿਵ ਮਰੀਜਾਂ ਦੇ 46 ਡਾਇਲੇਸਿਸ ਕੀਤੇ ਜਾ ਚੁੱਕੇ ਹਨ ਅਤੇ ਇੱਕ – ਦੋ ਮਰੀਜਾਂ ਦਾ ਡਾਇਲੇਸਿਸ ਰੋਜ਼ਾਨਾ ਕੀਤਾ ਜਾਂਦਾ ਹੈ। ਇਸ ਸਬੰਧੀਂ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਅਜਿਹੇ ਮਰੀਜਾਂ ਦੀ ਸਿਹਤ ਦੀ ਹਾਲਤ ਵੇਖ ਕੇ ਰਾਜਿੰਦਰਾ ਹਸਪਤਾਲ ਦੀ ਕੋਵਿਡ ਆਈ.ਸੀ.ਯੂ. ‘ਚ ਸਥਾਪਤ ਡਾਇਲੇਸਿਸ ਮਸ਼ੀਨ ਤੇ ਹੋਰ ਉਪਰਕਰਨਾਂ ਰਾਹੀਂ ਡਾਇਲੇਸਿਸ ਕੀਤਾ ਜਾਂਦਾ ਹੈ, ਇਨ੍ਹਾਂ ‘ਚੋਂ ਕੁਝ ਮਰੀਜ ਤਾਂ ਨਿਜੀ ਹਸਪਤਾਲਾਂ ਤੋਂ ਵੀ ਰੈਫ਼ਰ ਹੋ ਕੇ ਇੱਥੇ ਪੁੱਜਦੇ ਹਨ। ਗੁਰਦਾ ਰੋਗ ਤੋਂ ਪੀੜਤ ਮਰੀਜ, ਜਿਨ੍ਹਾਂ ਦਾ ਡਾਇਲੇਸਿਸ ਵੀ ਹੁੰਦਾ ਹੋਵੇ, ਉਨ੍ਹਾਂ ਲਈ ਕੋਵਿਡ-19 ਪਾਜਿਟਿਵ ਹੋਣਾ ਹੋਰ ਵੀ ਜ਼ਿਆਦਾ ਦਿੱਕਤਾਂ ਪੈਦਾ ਕਰਦਾ ਹੈ।
ਡਾ. ਹਰਜਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ-19 ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਕੋਵਿਡ ਮਰੀਜਾਂ ਨੂੰ ਸਿਹਤਯਾਬ ਕਰਨ ਲਈ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਫੈਸਲਿਟੀ ਟੀਮਾਂ ਦੇ ਇੰਚਾਰਜ, ਮੈਂਬਰ ਡਾਕਟਰ, ਪੈਰਾ ਮੈਡੀਕਲ ਅਮਲਾ ਤੇ ਹੈਲਥ ਵਰਕਰਜ ਹਰ ਵੇਲੇ ਮਰੀਜਾਂ ਦੀ ਸੇਵਾ ‘ਚ ਤਤਪਰ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਥੇ ਦਾਖਲ ਹੋਏ ਗੁਰਦਾ ਰੋਗ ਪੀੜਤ ਕੋਵਿਡ ਪਾਜਿਟਿਵ 24 ਮਰੀਜਾਂ ਦੇ 46 ਡਾਇਲੇਸਿਸ ਕੀਤੇ ਜਾ ਚੁੱਕੇ ਹਨ ਤੇ ਮੌਜੂਦਾ ਸਮੇਂ ‘ਚ ਇੱਥੇ ਅਜਿਹੇ 10 ਮਰੀਜ ਦਾਖਲ ਹਨ। ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਨੇ ਦੱਸਿਆ ਕਿ ਡਾ. ਸਚਿਨ ਕੌਸ਼ਲ ਆਪਣੀ ਟੀਮ ਨਾਲ ਡਾਇਲੇਸਿਸ ਵਾਲੇ ਰੋਗੀਆਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਵਿਖੇ ਮਰੀਜ ਗੰਭੀਰ ਹਾਲਤ ‘ਚ ਹੀ ਆਉਂਦੇ ਹਨ, ਜਿੱਥੇ ਉਨ੍ਹਾਂ ਨੂੰ ਡਾਕਟਰਾਂ ਵੱਲੋਂ ਤੁਰੰਤ ਸੰਭਾਲ ਲਿਆ ਜਾਂਦਾ ਹੈ ਅਤੇ ਇਹ ਗੁਰਦਾ ਪੀੜਤ ਕੋਵਿਡ ਪਾਜਿਟਿਵ ਮਰੀਜ ਦੇ ਬਿਹਤਰ ਇਲਾਜ ਲਈ ਮੈਡੀਕਲ ਅਮਲਾ ਨਿਰੰਤਰ ਸੇਵਾਵਾਂ ਨਿਭਾ ਰਿਹਾ ਹੈ।