ਲੁਟੇਰਿਆਂ ਵੱਲੋਂ ਪੰਜਾਬੀ ਨੌਜਵਾਨ ਦੀ ਕੁੱਟਮਾਰ : ਬ੍ਰਿਸਬੇਨ, ਆਸਟ੍ਰੇਲੀਆ

ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਕੁੱਟਮਾਰ ਦੀ ਘਟਨਾ ਤੋਂ ਬਾਅਦ।

ਬ੍ਰਿਸਬੇਨ) (ਹਰਜੀਤ ਲਸਾੜਾ) ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ‘ਚ ਪੰਜਾਬੀ ਰਾਈਡ ਸ਼ੇਅਰ (ਡੀਡੀ) ਡਰਾਇਵਰ ਹਰਜਿੰਦਰ ਸਿੰਘ (22 ਸਾਲ) ਦੀ ਕੰਮ ਦੌਰਾਨ ਚਾਰ ਲੁਟੇਰਿਆਂ ਵੱਲੋਂ ਬਹੁਤ ਹੀ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਉਸਦੀ ਕਾਰ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਖਮੀ ਹਾਲਤ ‘ਚ ਪੀੜਤ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਬੀਤੇ ਸ਼ੁੱਕਰਵਾਰ ਸ਼ਾਮ ਤਕਰੀਬਨ 9.30 ਰਾਤੀਂ ਆਪਣੀ ਟੋਇਟਾ ਕਰੋਲਾ ਰਾਈਡ ਸ਼ੇਅਰ ਕਾਰ ਰਾਹੀਂ ਚਾਰ ਆਈਲੈਂਡਰ ਸਵਾਰੀਆਂ ਉਮਰ ਤਕਰੀਬਨ 18 ਤੋਂ 25 ਬੁੱਡਰਿਜ (ਲੋਗਨ ਸ਼ਹਿਰ) ਤੋਂ ਕਰਵੀ ਰੇਲਵੇ ਸਟੇਸ਼ਨ ਵਾਸਤੇ ਉਸ ਦੀ ਕਾਰ ਵਿਚ ਸਵਾਰ ਹੋਏ ਸਨ।

ਇਨ੍ਹਾਂ ਚਾਰ ਵਿਅਕਤੀਆਂ ਨੇ ਕਰਵੀ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਕਾਰ ਰੁਕਵਾ ਕੇ ਹਰਜਿੰਦਰ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਪੀੜਤ ਨੂੰ ਕਾਰ ‘ਚੋਂ ਬਾਹਰ ਸੁੱਟ ਦਿੱਤਾ ਅਤੇ ਉਸਦੀ ਕਾਰ, ਮੋਬਾਇਲ ਫੋਨ ਤੇ ਬਟੂਆ ਖੋਹ ਕੇ ਫਰਾਰ ਹੋ ਗਏ। ਪੀੜਤ ਨੇ ਦੱਸਿਆ ਕਿ ਮੁੱਢਲੇ ਡਾਕਟਰੀ ਇਲਾਜ਼ ਤੋਂ ਬਾਅਦ ਉਸ ਦੀ ਹਾਲਤ ਹੁਣ ਸਥਿਰ ਹੈ। ਹਰਜਿੰਦਰ ਸਿੰਘ ਨੇ ਪ੍ਰਸ਼ਾਸਨ ਤੋਂ ਰਾਈਡ ਸ਼ੇਅਰ ਡਰਾਇਵਰਾਂ ਦੀ ਸਰੁੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਜਾਰੀ ਹੈ। ਜਿਕਰਯੋਗ ਹੈ ਕਿ ਸਪਰਿੰਗਫੀਲਡ(ਇੱਪਸਵਿਚ) ਇਲਾਕੇ ‘ਚ ਵੀ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਨਾਲ ਵੀ ਅਜਿਹੀ ਤ੍ਰਾਸਦੀ ਵਾਪਰ ਚੁੱਕੀ ਹੈ।

Share This :

Leave a Reply