ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਨੇ ਪੰਜਾਬ ਸਰਕਾਰ ਵੱਲੋਂ ਆਰੰਭੀ ਮਿਸ਼ਨ ਫ਼ਤਿਹ ਜਾਗਰੂਕਤਾ ਮੁਹਿੰਮ ਤਹਿਤ ਵੱਲੋਂ ਨਵਾਂਸ਼ਹਿਰ ਵਿਚ ਫ਼ਲੈਗ ਮਾਰਚ ਕੱਢਿਆ ਗਿਆ। ਸਬ ਇੰਸਪੈਕਟਰ ਨੀਰਜ ਚੌਧਰੀ ਦੀ ਅਗਵਾਈ ਹੇਠ ਕੱਢੇ ਗਏ ਇਸ ਫ਼ਲੈਗ ਮਾਰਚ ਰਾਹੀਂ ਲੋਕਾਂ ਨੂੰ ਪੰਜਾਬ ਅਤੇ ਆਪਣੇ ਜ਼ਿਲ੍ਹੇ ਨੂੰ ਕੋਵਿਡ-19 ਤੋਂ ਮੁਕਤ ਕਰਨ ਲਈ ਸਾਵਧਾਨੀਆਂ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਮਾਸਕ ਵੰਡ ਕੇ ਲੋਕਾਂ ਨੂੰ ਬਿਮਾਰੀ ਤੋਂ ਬਚਣ ਦਾ ਸੁਨੇਹਾ ਦਿੱਤਾ ਗਿਆ। ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਅਨੁਸਾਰ ਮੁੱਖ ਮੰਤਰੀ ਪੰਜਾਬ ਵੱਲੋਂ ਰਾਜ ਦੇ ਲੋਕਾਂ ਨੂੰ ਕੋਵਿਡ ਪ੍ਰਤੀ ਜਾਗਰੂਕ ਕਰਨ ਅਤੇ ਇਸ ਤੋਂ ਬਚਣ ਲਈ ਸਮੁੱਚੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਜੂਨ ਮਹੀਨੇ ਨੂੰ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵਜੋਂ ਮਨਾਉਣ ਦੇ ਆਦੇਸ਼ਾਂ ਤਹਿਤ ਡੀ ਜੀ ਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲ੍ਹੇ ’ਚ ਵੀ ਵਿਸ਼ੇਸ਼ ਤੌਰ ’ਤੇ ਗਤੀਵਿਧੀਆਂ ਕਰਨ ਦਾ ਅਹਿਦ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਮਿਸ਼ਨ ਫ਼ਤਿਹ ਪੰਜਾਬ ਦੇ ਲੋਕਾਂ ਦੀ ਕਿਸੇ ਵੀ ਮੁਸ਼ਕਿਲ ਪ੍ਰਤੀ ਚੜ੍ਹਦੀਕਲਾ ਦਾ ਪ੍ਰਤੀਕ ਹੈ, ਜਿਸ ਰਾਹੀਂ ਕੋਵਿਡ ਪ੍ਰਤੀ ਲੋਕਾਂ ਦੀ ਭਾਗੀਦਾਰੀ ਵਧਾ ਕੇ ਉਨ੍ਹਾਂ ਨੂੰ ਜਾਗਰੂਕ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਵੀ ਸਰਕਾਰ ਦੀ ਇਸ ਵਿਸ਼ੇਸ਼ ਮੁਹਿੰਮ ’ਚ ਬਣਦਾ ਯੋਗਦਾਨ ਪਾਉਣ ਦੇ ਮੰਤਵ ਨਾਲ ਅੱਜ ਇਹ ਵਿਸ਼ੇਸ਼ ਫ਼ਲੈਗ ਮਾਰਚ ਉਲੀਕਿਆ ਗਿਆ ਸੀ ਅਤੇ ਇਸ ਰਾਹੀਂ ਲੋਕਾਂ ਨੂੰ ਮਾਸਕ ਪਹਿਨਣ, ਹੱਥਾਂ ਦੀ ਸਫ਼ਾਈ ਰੱਖਣ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਬਾਰੇ ਜਾਗਰੂਕਤਾ ਕਰਨਾ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਜਿਸ ਤਰ੍ਹਾਂ ਕਰਫ਼ਿਊ ਅਤੇ ਲਾਕਡਾਊਨ ਦੌਰਾਨ ਦਾਨੀ ਲੋਕਾਂ ਤੇ ਸੰਸਥਾਂਵਾਂ ਦੇ ਸਹਿਯੋਗ ਨਾਲ ‘ਐਸ ਬੀ ਐਸ ਨਗਰ ਪੁਲਿਸ ਹੈਲਪਿੰਗ ਹੈਂਡ’ ਸੰਸਥਾ ਬਣਾ ਕੇ ਗਰੀਬ ਤੇ ਲੋੜਵੰਦ ਲੋਕਾਂ ਤੱਕ ਰਾਸ਼ਨ ਪੁੱਜਦਾ ਕਰਨ ਅਤੇ ਉਸ ਤੋਂ ਬਾਅਦ ਇਕੱਲੇ ਰਹਿ ਰਹੇ ਬਜ਼ੁਰਗਾਂ ਤੱਕ ਪਹੁੰਚ ਕਰਨ ਦਾ ਬੀੜਾ ਚੱਕਿਆ ਗਿਆ ਸੀ, ਉਸੇ ਤਰ੍ਹਾਂ ਮਿਸ਼ਨ ਫ਼ਤਿਹ ਨੂੰ ਵੀ ਹਰ ਇੱਕ ਵਿਅਕਤੀ ਤੱਕ ਪਹੁੰਚਾ ਕੇ, ਉਨ੍ਹਾਂ ਨੂੰ ਆਪਣੀ ਸਮਾਜ ਪ੍ਰਤੀ ਜ਼ਿੰਮੇਂਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਐਸ ਐਸ ਪੀ ਅਨੁਸਾਰ ਉਨ੍ਹਾਂ ਵੱਲੋਂ ਅਗਲੇ ਦਿਨਾਂ ’ਚ ਜ਼ਿਲ੍ਹੇ ਦੀਆਂ ਹੱਦਾਂ ’ਤੇ ਲਾਏ ਗਏ ਨਾਕਿਆਂ ’ਤੇ ਸਮੁੱਚੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਵਾਲੇ ਚਾਲਕਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਉਤਸ਼ਾਹਿਤ ਕਰਨ ਦਾ ਪ੍ਰੋਗਰਾਮ ਬਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਮਿਸ਼ਨ ਫ਼ਤਿਹ ਵਾਰੀਅਰਜ਼ ਵਜੋਂ ਉਭਾਰਿਆ ਜਾਵੇਗਾ ਤਾਂ ਜੋ ਉਹ ਹੋਰਨਾਂ ਲੋਕਾਂ ਲਈ ਮਿਸਾਲ ਬਣ ਸਕਣ।