ਪਟਿਆਲਾ (ਮੀਡੀਆ ਬਿਊਰੋ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਤੋਂ ਬਚਾਅ ਲਈ ਵਿੱਢੀ ਮੁਹਿੰਮ ਤਹਿਤ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਚੇਅਰਮੈਨ ਪੀ.ਆਰ.ਟੀ.ਸੀ. ਸ੍ਰੀ ਕੇ.ਕੇ. ਸ਼ਰਮਾ ਦੀ ਸਰਪ੍ਰਸਤੀ ਹੇਠ ਮਿਸ਼ਨ ਫ਼ਤਿਹ ਦੀ ਸਫਲਤਾ ਲਈ ਪਟਿਆਲਾ ਸਰਹਿੰਦੀ ਗੇਟ ਸਥਿਤ ਪੀ.ਆਰ.ਟੀ.ਸੀ. ਪਟਿਆਲਾ ਦੇ ਡਿਪੂ ‘ਤੇ 5 ਤੋਂ 9 ਸਤੰਬਰ ਤੱਕ ਕੋਵਿਡ ਟੈਸਟ ਲਈ ਲਗਾਏ ਗਏ ਕੈਂਪ ਦੌਰਾਨ 663 ਕਰਮਚਾਰੀਆਂ ਵੱਲੋਂ ਆਪਣਾ ਕੋਵਿਡ ਟੈਸਟ ਕਰਵਾਇਆ ਗਿਆ ਅਤੇ ਹੁਣ 9 ਸਤੰਬਰ ਤੋਂ ਪੀ.ਆਰ.ਟੀ.ਸੀ ਦੇ ਮੁੱਖ ਦਫ਼ਤਰ, ਨਾਭਾ ਰੋਡ ਵਿਖੇ ਕੋਵਿਡ-19 ਦੇ ਟੈਸਟ ਸਬੰਧੀ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਨਿੱਜੀ ਤੌਰ ‘ਤੇ ਪਹੁੰਚੇ ਚੇਅਰਮੈਨ ਪੀ.ਆਰ.ਟੀ.ਸੀ. ਸ੍ਰੀ ਕੇ. ਕੇ. ਸ਼ਰਮਾ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਦੀ ਕਾਮਯਾਬੀ ਲਈ ਪੀ.ਆਰ.ਟੀ.ਸੀ ਦੇ ਪੰਜਾਬ ਸਥਿਤ ਸਮੂਹ ਡਿਪੂਆਂ ਦੇ ਕਰਮਚਾਰੀਆਂ ਦੇ ਕੋਵਿਡ-19 ਦੇ ਟੈਸਟ ਸਬੰਧਤ ਡਿਪੂਆਂ ਵਿੱਚ ਕੈਂਪ ਲਗਾਕੇ ਟੈਸਟ ਕਰਵਾਏ ਜਾ ਰਹੇ ਹਨ ਅਤੇ ਕੈਂਪ ਦੌਰਾਨ ਮੈਡੀਕਲ ਟੀਮ ਵੱਲੋਂ ਪੂਰੇ ਇਹਤਿਆਤ ਅਤੇ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।
ਇਸ ਮੌਕੇ ਸ੍ਰੀ ਸ਼ਰਮਾ ਨੇ ਕਰਮਚਾਰੀਆਂ ਨੂੰ ਵੱਧ ਤੋਂ ਵੱਧ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕੋਵਿਡ-19 ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਬਲਕਿ ਟੈਸਟ ਕਰਵਾਉਣ ਉਪਰੰਤ ਸਹੀ ਜਾਣਕਾਰੀ ਅਤੇ ਸਾਵਧਾਨੀਆਂ ਦੀ ਲੋੜ ਹੈ। ਉਨ੍ਹਾਂ ਸੂਬਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਜੇਕਰ ਕਿਸੇ ਵਿੱਚ ਕੋਈ ਵੀ ਕੋਰੋਨਾ ਸਬੰਧੀ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਆਪਣਾ ਟੈਸਟ ਜ਼ਰੂਰ ਕਰਵਾਉਣ ਅਤੇ ਇਸ ਤੋਂ ਬਚਾਅ ਲਈ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਕੋਵਿਡ ਤੋਂ ਬਚਾਅ ਲਈ ਸਮਾਜਿਕ ਦੂਰੀ, ਮਾਸਕ ਪਾਉਣ ਅਤੇ ਹੱਥ ਧੋਣ ਸਬੰਧੀ ਸਿਹਤ ਵਿਭਾਗ ਵੱਲੋਂ ਜਾਰੀ ਗਾਈਡਲਾਈਨਜ਼ ਦੀ ਪਾਲਣਾ ਕਰਨ ਲਈ ਅਪੀਲ ਕਰਦਿਆ ਕਿਹਾ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਸਾਨੂੰ ਜਾਗਰੂਕ ਹੋਣਾ ਜ਼ਰੂਰੀ ਹੈ।