‘ਨਿੱਕੇ ਨਿੱਕੇ ਤਾਰੇ’ ਅਤੇ ‘ਬੋਲ ਪਏ ਅਲਫਾਜ਼’ ਲੋਕ ਅਰਪਿਤ
ਬ੍ਰਿਸਬੇਨ (ਹਰਜੀਤ ਲਸਾੜਾ) ਸੂਬਾ ਕੂਈਨਜ਼ਲੈਂਡ ਦੇ ਸ਼ਹਿਰ ਬ੍ਰਿਸਬਨ ਵਿਖੇ ਵੱਖ ਵੱਖ ਸਥਾਨਾਂ ‘ਤੇ ਕਰਵਾਏ ਸਾਹਤਿਕ ਸਮਾਗਮਾਂ ‘ਚ ਜਿੱਥੇ ਮਾਂ ਬੋਲੀ ਪੰਜਾਬੀ ਦੇ ਹਿਤੈਸ਼ੀਆਂ ਨੇ ਪੰਜਾਬੀ ਬੋਲੀ ਬਾਬਤ ਚਿੰਤਨ ਕੀਤਾ ਉੱਥੇ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਨਵੇਂ ਖੇਤੀ ਬਿੱਲਾਂ ਦੇ ਖ਼ਿਲਾਫ਼ ਸਮੂਹ ਕਵੀਆਂ, ਲੇਖਕਾਂ, ਰੰਗਕਰਮੀਆਂ, ਪੱਤਰਕਾਰਾਂ ਅਤੇ ਸ਼ਹਿਰ ਦੀਆਂ ਨਾਮਵਰ ਹਸਤੀਆ ਵੱਲੋਂ ਆਪਣੀਆਂ ਤਕਰੀਰਾਂ ਰਾਹੀਂ ਰੋਸ ਜ਼ਾਹਰ ਕੀਤਾ ਅਤੇ ਭਵਿੱਖੀ ਸੰਘਰਸ਼ ਲਈ ਆਵਾਜ਼ ਬੁਲੰਦ ਕੀਤੀ। ਇਸ ਕੜੀ ‘ਚ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਆਪਣੀ ਪਲੇਠੀ ਸਾਹਿਤਕ ਬੈਠਕ ‘ਚ ਕੇਂਦਰ ਵੱਲੋਂ ਕੇਂਦਰੀ ਸਾਸ਼ਤ ਪ੍ਰਦੇਸ਼ ਜੰਮੂ ਕਸ਼ਮੀਰ ਲਈ ਸਰਕਾਰੀ ਭਾਸ਼ਾਵਾਂ ਦੀ ਜਾਰੀ ਕੀਤੀ ਸੂਚੀ ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਲ ਨਾ ਕਰਨ ‘ਤੇ ਚਿੰਤਾ ਵਿਅਕਤ ਕੀਤੀ ਅਤੇ ਨਵੇਂ ਖੇਤੀ ਕਨੂੰਨਾਂ ਨੂੰ ਪੰਜਾਬ ਅਤੇ ਬਾਕੀ ਸੰਬੰਧਿਤ ਸੂਬਿਆਂ ਦੀ ਕਿਸਾਨੀ ਤੇ ਜਵਾਨੀ ਲਈ ਤਬਾਹਕੁਨ ਦੱਸਿਆ।
ਬ੍ਰਿਸਬੇਨ ਪੰਜਾਬੀ ਪ੍ਰੈਸ ਕਲੱਬ ਦੇ ਪ੍ਰਧਾਨ ਜਗਜੀਤ ਖੋਸਾ ਨੇ ਕਿਹਾ ਕਿ ਮੁਲਕ ਦੀ ਕਿਸਾਨੀ, ਅਰਥਚਾਰੇ ਨੂੰ ਬੁਚਾਉਣ ਤੇ ਪੰਜਾਬੀਅਤ ਦੇ ਲੋਕ ਪੱਖੀ ਮੁੱਦਿਆਂ ਲਈ ਸਾਰੀਆ ਸਿਆਸੀ ਜਮਾਤਾਂ ਤੇ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਤੇ ਸੁਹਿਰਦ ਹੋ ਕੇ ਪਾਸ ਹੋਏ ਬਿੱਲਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਹਨਾਂ ਸਮਾਗਮਾਂ ‘ਚ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਲੇਖਕ ਸੁਰਜੀਤ ਸੰਧੂ ਦੀ ਬਾਲ ਪੁਸਤਕ ‘ਨਿੱਕੇ-ਨਿੱਕੇ ਤਾਰੇ’ ਅਤੇ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਲੇਖਕ ਬਿੱਕਰ ਬਾਈ ਦੀ ਪਲੇਠੀ ਕਾਵਿ ਪੁਸਤਕ ‘ਬੋਲ ਪਏ ਅਲਫਾਜ਼’ ਦਾ ਲੋਕ ਅਰਪਣ ਇੰਡੋਜ਼ ਲਾਇਬਰੇਰੀ ਵਿਖੇ ਕੀਤਾ ਗਿਆ। ਇੰਡੋਜ਼ ਸੰਸਥਾ ਦੇ ਬੁਲਾਰੇ ਅਨੁਸਾਰ ਇਸ ਲਾਇਬਰੇਰੀ ‘ਚ ਜਲਦ ਹੀ ਸਾਹਿਤ ਅਤੇ ਕਲਾ ਨਾਲ ਸੰਬੰਧਿਤ ਮਰਹੂਮ ਹਸਤੀਆਂ ਦੇ 120 ਦੇ ਕਰੀਬ ਪੋਰਟਰੇਟ ਸਥਾਪਿਤ ਕੀਤੇ ਜਾਣਗੇ।