ਯਾਦਗਾਰਾਂ ਜਾਂ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਹੋਣਗੀਆਂ ਲੰਬੀਆਂ ਸਜ਼ਾਵਾਂ
ਨੌਕਰੀ ਵੇਲੇ ਡਿਗਰੀ ਨਾਲੋਂ ਹੁਨਰ ਨੂੰ ਦਿੱਤੀ ਜਾਵੇਗੀ ਪਹਿਲ
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਦੋ ਅਹਿਮ ਆਦੇਸ਼ਾਂ ਉਪਰ ਦਸਤਖ਼ਤ ਕੀਤੇ ਹਨ। ਇਨਾਂ ਆਦੇਸ਼ਾਂ ਦਾ ਮਕਸਦ ਪ੍ਰਦਰਸ਼ਨਕਾਰੀਆਂ ਵੱਲੋਂ ਯਾਦਗਾਰਾਂ ਜਾਂ ਬੁੱਤਾਂ ਨੂੰ ਪਹੁੰਚਾਏ ਜਾਂਦੇ ਨੁਕਸਾਨ ਨੂੰ ਰੋਕਣਾ ਤੇ ਨੌਕਰੀਆਂ ਵਿਚ ਕਾਲਜ ਡਿਗਰੀ ਦੀ ਬਜਾਏ ਹੁਨਰ ਨੂੰ ਅਹਿਮੀਅਤ ਦੇਣਾ ਹੈ।
ਲੰਬੀਆਂ ਸਜਾਵਾਂ ਦੀ ਵਿਵਸਥਾ-
ਪ੍ਰਦਰਸ਼ਨਕਾਰੀਆਂ ਵੱਲੋਂ ‘ਵਾਈਟ ਸੁਪਰਮੇਸੀ’ ਦਰਸਾਉਣ ਵਾਲੇ ਬੁੱਤਾਂ ਤੇ ਹੋਰ ਚਿਨਾਂ ਨੂੰ ਉਖਾੜ ਦੇਣ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਰਾਸ਼ਟਰਪਤੀ ਟਰੰਪ ਨੇ ਇਕ ਆਦੇਸ਼ ਜਾਰੀ ਕੀਤਾ ਹੈ ਜਿਸ ਤਹਿਤ ਵਿਰਾਸਤ ਨਾਲ ਜੁੜੀਆਂ ਯਾਦਗਾਰਾਂ ਜਾਂ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਲੰਬਾ ਸਮਾਂ ਜੇਲਾਂ ਵਿਚ ਰਖਣ ਦੀ ਵਿਵਸਥਾ ਕੀਤੀ ਗਈ ਹੈ।
ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੇਲੀਘ ਮੈਕਈਨਾਨੀ ਨੇ ਟਵਿਟਰ ਉਪਰ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ” ਉਹ ਲੋਕ ਜੋ ਸਾਡੀਆਂ ਯਾਦਗਾਰਾਂ ਨੂੰ ਤਬਾਹ ਕਰਨਗੇ, ਉਨਾਂ ਵਿਰੁੱਧ ਕਾਨੂੰਨੀ ਦੀ ਪੂਰੀ ਤਾਕਤ ਨਾਲ ਮੁਕੱਦਮੇ ਚਲਾਏ ਜਾਣਗੇ”। ਨਵੇਂ ਆਦੇਸ਼ ਦੇ ਪੂਰੇ ਵੇਰਵੇ ਨਹੀਂ ਮਿਲੇ ਜਦ ਕਿ ਪਹਿਲਾਂ ਵੀ ਸੰਘੀ ਕਾਨੂੰਨ ਮੌਜੂਦ ਹੈ ਜਿਸ ਤਹਿਤ ਕੁੱਝ ਵਿਸ਼ੇਸ਼ ਯਾਦਗਾਰਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੇ ਮਾਮਲਿਆਂ ਵਿਚ 10 ਸਾਲ ਤੱਕ ਸਜ਼ਾ ਦੀ ਵਿਵਸਥਾ ਹੈ। ਇਕ ਰਿਪੋਰਟ ਅਨੁਸਾਰ ਨਵੇਂ ਆਦੇਸ਼ ਤਹਿਤ ਯਾਦਗਾਰਾਂ ਦੀ ਹਿਫ਼ਾਜ਼ਤ ਲਈ ਮਾਰਸ਼ਲ ਤਾਇਨਾਤ ਕੀਤੇ ਜਾਣਗੇ। ਲੰਘੇ ਦਿਨ ਰਾਸ਼ਟਰਪਤੀ ਨੇ ਸੰਘੀ ਸਰਕਾਰ ਨੂੰ ਕਿਹਾ ਸੀ ਕਿ ਯਾਦਗਾਰਾਂ, ਬੁੱਤਾਂ ਜਾਂ ਹੋਰ ਸੰਘੀ ਜਾਇਦਾਦ ਦੀ ਭੰਨਤੋੜ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤੇ ਉਨਾਂ ਨਾਲ ਕਿਸੇ ਕਿਸਮ ਦੀ ਨਰਮੀ ਨਾ ਵਰਤੀ ਜਾਵੇ।
ਡਿਗਰੀ ਉਪਰ ਹੁਨਰ ਭਾਰੂ–
ਰਾਸ਼ਟਰਪਤੀ ਵੱਲੋਂ ਜਾਰੀ ਇਕ ਹੋਰ ਆਦੇਸ਼ ਤਹਿਤ ਸੰਘੀ ਸਰਕਾਰ ਦੀਆਂ ਨੌਕਰੀਆਂ ਵਿਚ ਕਾਲਜ ਡਿਗਰੀ ਦੀ ਬਜਾਏ ਹੁਨਰ ਨੂੰ ਪਹਿਲ ਦਿੱਤੀ ਜਾਵੇਗੀ। ਇਸ ਆਦੇਸ਼ ਤਹਿਤ ਨੌਕਰੀਆਂ ਦੇਣ ਦੀ ਵਿਵਸਥਾ ਨੂੰ ਨਵਿਆਇਆ ਗਿਆ ਹੈ ਤੇ ਹੁਣ ਪੜੇ ਲਿਖੇ ਵਿਅਕਤੀ ਦੀ ਪਹਿਲਾਂ ਵਾਲੀ ਕਦਰ ਨਹੀਂ ਰਹੇਗੀ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਹੈ ਕਿ ਹੁਣ ਸਰਕਾਰ ਕੁਸ਼ਲਤਾ ‘ਤੇ ਅਧਾਰਤ ਵਰਕਰਾਂ ਨੂੰ ਭਰਤੀ ਕਰ ਸਕੇਗੀ ਤੇ ਹੁਣ ਪੜਾਈ ਦੇ ਆਧਾਰ ‘ਤੇ ਕਿਸੇ ਵਿਅਕਤੀ ਨੂੰ ਨੌਕਰੀ ਵਿਚ ਤਰਜੀਹ ਨਹੀਂ ਮਿਲ ਸਕੇਗੀ। ਰਾਸ਼ਟਰਪਤੀ ਦੀ ਧੀ ਤੇ ਸੀਨੀਅਰ ਸਲਾਹਕਾਰ ਈਵਾਂਕਾ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਆਦੇਸ਼ ਨਾਲ ਕੁਸ਼ਲਤਾ ਅਧਾਰਤ ਯੋਗ ਉਮੀਦਵਾਰਾਂ ਦੀ ਨਿਯੁਕਤੀ ਯਕੀਨੀ ਹੋ ਸਕੇਗੀ। ਇਹ ਇਕ ਵਧੇਰੇ ਬਰਾਬਰਤਾ ਵਾਲੀ ਪ੍ਰਕਿਆ ਹੈ। ਉਨਾਂ ਕਿਹਾ ਕਿ ਹੁਣ ਸੰਘੀ ਸਰਕਾਰ ਇਸ ਗੱਲ ਦੀ ਪਰਵਾਹ ਨਹੀਂ ਕਰੇਗੀ ਕਿ ਤੁਸੀਂ ਕਿਹੜੇ ਸਕੂਲ ਜਾ ਕਾਲਜ ਤੋਂ ਪੜਾਈ ਕਤੀ ਹੈ, ਕੇਵਲ ਹੁਨਰ ਤੇ ਕੁਸ਼ਲਤਾ ਹੀ ਤੁਹਾਡੀ ਨੌਕਰੀ ਦਾ ਆਧਾਰ ਹੋਵੇਗਾ।