ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 33,55,0000 ਤੋਂ ਪਾਰ ਹੋ ਜਾਣ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਫੌਜੀ ਹਸਪਤਾਲ ਦੇ ਦੌਰੇ ਦੌਰਾਨ ਮਾਸਕ ਪਹਿਨੇ ਹੋਏ ਨਜਰ ਆਏ। ਉਨਾਂ ਨੇ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਜਨਤਿਕ ਤੌਰ ‘ਤੇ ਮਾਸਕ ਪਾਇਆ। ਰਾਸ਼ਟਰਪਤੀ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿਚ ਜਖਮੀ ਸੈਨਿਕਾਂ ਤੇ ਕੋਰੋਨਾ ਵਾਇਰਸ ਨਾਲ ਮੋਹਰਲੀ ਕਤਾਰ ਵਿਚ ਲੜ ਰਹੇ ਮੈਡੀਕਲ ਵਰਕਰਾਂ ਦਾ ਹਾਲ ਚਾਲ ਪੁੱਛਣ ਲਈ ਗਏ ਸਨ। ਇਸ ਮੌਕੇ ਉਨਾਂ ਕਿਹਾ ਕਿ ਮੈ ਕਦੀ ਵੀ ਮਾਸਕ ਪਾਉਣ ਦੇ ਵਿਰੁੱਧ ਨਹੀਂ ਰਿਹਾ ਪਰੰਤੂ ਮੇਰਾ ਵਿਸ਼ਵਾਸ਼ ਹੈ ਕਿ ਮਾਸਕ ਪਾਉਣ ਲਈ ਉਚਿੱਤ ਜਗਾ ਤੇ ਸਮਾਂ ਹੋਣਾ ਜਰੂਰੀ ਹੈ।
ਘੰਟੇ ਤੋਂ ਵੀ ਘੱਟ ਸਮੇਂ ਦੇ ਦੌਰੇ ਦੌਰਾਨ ਰਾਸ਼ਟਰਪਤੀ ਨੇ ਨੀਲੇ ਰੰਗ ਦਾ ਮਾਸਕ ਪਹਿਨਿਆ। ਉਨਾਂ ਨਾਲ ਗਏ ਵਾਈਟ ਹਾਊਸ ਚੀਫ ਆਫ ਸਟਾਫ ਮਾਰਕ ਮੀਡੋਜ ਤੇ ਸੀਕਰਟ ਸਰਵਿਸ ਦੇ ਅਧਿਕਾਰੀਆਂ ਨੇ ਵੀ ਮਾਸਕ ਪਾਏ ਹੋਏ ਸਨ।
ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਨਿਰੰਤਰ ਵਾਧਾ–
ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ। ਪੀੜਤਾਂ ਦੀ ਕੁਲ ਗਿਣਤੀ 33,55,646 ਹੋ ਗਈ ਹੈ ਜਦ ਕਿ ਹੁਣ ਤੱਕ 14,90,446 ਮਰੀਜ਼ ਠੀਕ ਹੋ ਚੁੱਕੇ ਹਨ। 1,37,403 ਮਰੀਜ਼ ਦਮ ਤੋੜ ਚੁੱਕੇ ਹਨ। ਹਾਲਾਂ ਕਿ ਮਰੀਜ਼ਾਂ ਦੀ ਗਿਣਤੀ ਦਾ ਵਧਣਾ ਚਿੰਤਾ ਦਾ ਵਿਸ਼ਾ ਹੈ ਪਰ ਇਹ ਰਿਪੋਰਟ ਰਾਹਤ ਦੇਣ ਵਾਲੀ ਹੈ ਕਿ ਮਰੀਜ਼ਾਂ ਦੇ ਠੀਕ ਹੋਣ ਦੀ ਦਰ 92% ਹੋ ਗਈ ਹੈ।