ਵਾਸ਼ਿਗਟਨ (ਹੁਸਨ ਲੜੋਆ ਬੰਗਾ)– ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਟਵੀਟ ਕਰਕੇ ਨਵੰਬਰ ਵਿਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਅੱਗੇ ਪਾਉਣ ਦਾ ਸੁਝਾਅ ਦਿੱਤਾ ਪਰ ਬਾਅਦ ਵਿਚ ਉਹ ਆਪਣੇ ਸੁਝਾਅ ਤੋਂ ਪਿੱਛੇ ਹਟਦੇ ਹੋਏ ਨਜਰ ਆਏ। ਉਨਾਂ ਨੇ ਇਕ ਟਵੀਟ ਵਿਚ ਕਿਹਾ ਕਿ ਕੋਰੋਨਾਵਾਇਰਸ ਦੇ ਮੱਦੇਨਜ਼ਰ ਕਈ ਤਰਾਂ ਦੇ ਉੱਠੇ ਮੁੱਦਿਆਂ ਨੂੰ ਧਿਆਨ ਵਿਚ ਰਖਦਿਆਂ ਚੋਣਾਂ ਨੂੰ ਓਦੋਂ ਤੱਕ ਮੁਲਤਵੀ ਕਰ ਦੇਣਾ ਚਾਹੀਦਾ ਹੈ ਜਦੋਂ ਤੱਕ ਲੋਕ ਵੋਟਾਂ ਪਾਉਣ ਲਈ ਆਪਣੇ ਆਪ ਨੂੰ ਮੁਕੰਮਲ ਸੁਰੱਖਿਅਤ ਮਹਿਸੂਸ ਨਹੀਂ ਕਰਦੇ।
ਇਸ ਟਵੀਟ ਵਿਚ ਉਨਾਂ ਨੇ ਈ ਮੇਲ ਵੋਟਿੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਵਿਆਪਕ ਪੱਧਰ ਉਪਰ ਈ ਮੇਲ ਵੋਟਿੰਗ ਧੋਖਾ ਸਾਬਤ ਹੋ ਸਕਦੀਆਂ ਹਨ। ਮੈ ਚੋਣ ਨਤੀਜ਼ਿਆਂ ਲਈ ਕਈ ਹਫ਼ਤੇ ਜਾਂ ਮਹੀਨੇ ਉਡੀਕ ਨਹੀਂ ਕਰ ਸਕਦਾ। ਕੁਝ ਘੰਟੇ ਬਾਅਦ ਵਾਈਟ ਹਾਊਸ ਵਿਚ ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈ ਚੋਣਾਂ ਦੀ ਤਰੀਕ ਬਦਲਣੀ ਨਹੀਂ ਚਹੁੰਦਾ ਪਰ ਮੈਂ ਅਸਿੱਧੀਆਂ ਚੋਣਾਂ ਕਰਾਉਣ ਦੇ ਹੱਕ ਵਿਚ ਨਹੀਂ ਹਾਂ ਜਿਵੇਂ ਕਿ ਕੁਝ ਲੋਕ ਕੋਰੋਨਵਾਇਰਸ ਕਾਰਨ ਵਿਆਪਕ ਪੱਧਰ ‘ਤੇ ਈ ਮੇਲ ਵੋਟਿੰਗ ਦਾ ਸਮਰਥਨ ਕਰ ਰਹੇ ਹਨ। ਡੈਮੋਕਰੈਟਸ ਨੇ ਦੋਸ਼ ਲਾਇਆ ਹੈ ਕਿ ਰਾਸ਼ਟਰਪਤੀ ਜਾਣ ਬੁੱਝ ਕੇ ਬੇਯਕੀਨੀ ਵਾਲਾ ਮਾਹੌਲ ਬਣਾ ਰਹੇ ਹਨ ਤਾਂ ਜੋ ਜੇਕਰ ਹਾਰ ਨਜ਼ਰ ਆਉਂਦੀ ਹੋਵੇ ਤਾਂ ਉਹ ਚੋਣਾਂ ਅੱਗੇ ਪਾ ਸਕਣ। ਚੋਣਾਂ ਅੱਗੇ ਪਾਉਣ ਲਈ ਕਾਂਗਰਸ ਦੀ ਪ੍ਰਵਾਨਗੀ ਜਰੂਰੀ ਹੈ ਜੋ ਮਿਲਣੀ ਅਸੰਭਵ ਨਜਰ ਆ ਰਹੀ ਹੈ।