ਵੱਡੀ ਰਾਹਤ, ਦੇਸ਼ ਨਿਕਾਲੇ ਉਪਰ ਲਾਈ ਰੋਕ।
ਇਮੀਗ੍ਰੇਸ਼ਨ ਨੀਤੀਆਂ ਉਪਰ ਨਜਰਸਾਨੀ ਸ਼ੁਰੂ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)– ਰਾਸ਼ਟਰਪਤੀ ਜੋਅ ਬਾਇਡੇਨ ਪ੍ਰਸ਼ਾਸਨ ਨੇ ਬਿਨਾਂ ਦਸਤਾਵੇਜ਼ਾਂ
ਵਾਲੇ ਪ੍ਰਵਾਸੀਆਂ ਨੂੰ ਰਾਹਤ ਦਿੰਦਿਆਂ ਜਾਰੀ ਇਕ ਪੱਤਰ ਵਿਚ ਉਨ੍ਹਾਂ ਦੇ ਦੇਸ਼ ਨਿਕਾਲੇ ਉਪਰ 100 ਦਿਨਾਂ ਲਈ ਰੋਕ ਲਾ ਦਿੱਤੀ ਹੈ। ਕਾਰਜਕਾਰੀ ਹੋਮਲੈਂਡ ਸਕਿਉਰਿਟੀ ਸਕੱਤਰ ਡੇਵਿਡ ਪੇਕੋਸਕੇ ਵੱਲੋਂ ਬਾਇਡੇਨ ਵੱਲੋਂ ਸਹੁੰ ਚੁੱਕਣ ਦੇ ਕੁਝ ਘੰਟਿਆਂ ਬਾਅਦ ਜਾਰੀ ਇਸ ਪੱਤਰ ਵਿਚ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਉਪਰ ਤੁਰੰਤ ਰੋਕ ਲਾਉਣ ਲਈ ਕਿਹਾ ਗਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਪ੍ਰਵਾਸੀਆਂ ਸਬੰਧੀ ਇਮੀਗ੍ਰੇਸ਼ਨ ਨੀਤੀਆਂ ਤੇ ਅਮਲ ਉਪਰ ਨਜਰਸਾਨੀ ਕੀਤੀ ਜਾ ਰਹੀ ਹੈ। ਇਸ ਲਈ ਕਿਸੇ ਵੀ ਬਿਨਾਂ ਦਸਤਾਵੇਜਾਂ ਵਾਲੇ ਪ੍ਰਵਾਸੀ ਨੂੰ ਦੇਸ਼ ਨਿਕਾਲਾ ਨਾ ਦਿੱਤਾ ਜਾਵੇ।
ਪੱਤਰ ਵਿਚ ਕਿਹਾ ਗਿਆ ਹੈ ਕਿ ‘ਅਮਰੀਕਾ ਦੱਖਣ ਪੱਛਮੀ ਸਰਹੱਦ ਉਪਰ ਸਦੀ ਦੀ ਗੰਭੀਰ ਸਿਹਤ ਸੰਕਟ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ ਇਸ ਹਾਲਾਤ ਵਿਚ ਵਿਭਾਗ ਸੁਰੱਖਿਅਤ, ਕਾਨੂੰਨੀ ਤੇ ਸੁਚਾਰੂ ਪ੍ਰਿਆ ਨੂੰ ਯਕੀਨੀ ਬਣਾਵੇ ਤੇ ਇਕ ਨਿਆਂਸੰਗਤ ਤੇ ਪ੍ਰਭਾਵਸ਼ਾਲੀ ਸ਼ਰਨ ਪ੍ਰਿਆ ਬਣਾਈ ਜਾਵੇ ਜਿਸ ਤਹਿਤ ਮਨੁੱਖੀ ਅਧਿਕਾਰਾਂ ਨੂੰ ਮਾਣ ਸਨਮਾਨ ਦਿੱਤਾ ਜਾਵੇ।’’ ਪੱਤਰ ਅਨੁਸਾਰ ‘‘ਜੋ ਦਹਿਸ਼ਤਵਾਦ ਜਾਂ ਜਸੂਸੀ ਵਰਗੇ ਮਾਮਲਿਆਂ ਵਿਚ ਸ਼ੱਕੀ ਹਨ ਤੇ ਉਹ ਨਵੰਬਰ 1, 2020 ਤੱਕ ਅਮਰੀਕਾ ਵਿਚ ਮੌਜੂਦ ਨਹੀਂ ਸਨ ਜਾਂ ਜਿਨ੍ਹਾਂ ਨੇ ਇਛੁੱਕ ਤੌਰ ’ਤੇ ਅਮਰੀਕਾ ਵਿਚ ਰਹਿਣ ਦਾ ਅਧਿਕਾਰ ਗਵਾ ਲਿਆ ਹੋਵੇ, ਉਹ ਕਿਸੇ ਵੀ ਰਿਆਇਤ ਦੇ ਯੋਗ ਨਹੀਂ ਹਨ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇ।’’ ਇਥੇ ਜਿਕਰਯੋਗ ਹੈ ਕਿ ਬਾਇਡੇਨ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਇਮੀਗ੍ਰੇਸ਼ਨ ਸਬੰਧੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਸਖਤ ਨੀਤੀਆਂ ਨੂੰ ਉਲਟਾ ਦਿੱਤਾ ਹੈ ਜਿਨ੍ਹਾਂ ਵਿਚ ਬਾਰਡਰ ਉਪਰ ਕੰਧ ਬਣਾਉਣਾ ਤੇ ਅਨੇਕਾਂ ਮੁਸਲਮਾਨ ਬਹੁਗਿਣਤੀ ਵਾਲੇ ਦੇਸ਼ਾਂ ਉਪਰ ਲੱਗੀਆਂ ਯਾਤਰਾ ਪਾਬੰਦੀਆਂ ਨੂੰ ਹਟਾਉਣਾ ਵੀ ਸ਼ਾਮਿਲ ਹੈ। ਬਾਇਡੇਨ ਪ੍ਰਸ਼ਾਸਨ ਇਮੀਗੇ੍ਰਸ਼ਨ ਸੁਧਾਰ ਪ੍ਰਸਤਾਵ ਵੀ ਲੈ ਕੇ ਆ ਰਿਹਾ ਹੈ ਜੋ ਆਉਣ ਵਾਲੇ ਕੁਝ ਦਿਨਾਂ ਦੌਰਾਨ ਕਾਂਗਰਸ ਵਿਚ ਪੇਸ਼ ਕੀਤਾ ਜਾਵੇਗਾ।