ਸਿਹਤ ਮਾਹਿਰਾਂ ਨੇ ਕਿਹਾ ਖਤਰਨਾਕ ਹੋ ਸਕਦਾ ਹੈ ਰੈਲੀ ਵਿਚ ਹਿੱਸਾ ਲੈਣ
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 19 ਜੂਨ ਨੂੰ ਓਕਲਾਹੋਮਾ ਵਿਚ ਕੀਤੀ ਜਾ ਰਹੀ ਚੋਣ ਰੈਲੀ ਦੇ ਦਰਮਿਆਨ ਅਮਰੀਕਾ ਦੇ ਚੋਟੀ ਦੇ ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਦੇ ਮੱਦੇਨਜ਼ਰ ਰੈਲੀਆਂ ਜਾਂ ਪ੍ਰਦਰਸ਼ਨਾਂ ਵਿਚ ਹਿੱਸਾ ਲੈਣਾ ਜੋਖ਼ਮ ਭਰਿਆ ਤੇ ਖਤਰਨਾਕ ਹੋ ਸਕਦਾ ਹੈ। ਏਲਰਜ਼ੀ ਤੇ ਲਾਗ ਦੀਆਂ ਬਿਮਾਰੀਆਂ ਬਾਰੇ ਰਾਸ਼ਟਰੀ ਸੰਸਥਾ ਦੇ ਡਾਇਰੈਕਟਰ ਡਾਕਟਰ ਐਨਥਨੀ ਫੌਕੀ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਪੁਲਿਸ ਹਿਰਾਸਤ ਵਿਚ ਮਾਰੇ ਗਏ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਜਾਰਜ ਫਲਾਈਡ ਦੇ ਮਾਮਲੇ ਵਿਚ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਮੰਗ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਵੱਡੇ ਇਕੱਠ ਹੋ ਰਹੇ ਹਨ।
ਏ.ਬੀ.ਸੀ ਨਾਲ ਮੁਲਾਕਾਤ ਦੌਰਾਨ ਉਨਾਂ ਕਿਹਾ ਕਿ ਮੈ ਲੋਕਾਂ ਦੀਆਂ ਭਾਵਨਾਵਾਂ ਸਮਝਦਾ ਹਾਂ ਪਰ ਇਸ ਨਾਲ ਵੱਡਾ ਸੰਕਟ ਖੜਾ ਹੋ ਸਕਦਾ ਹੈ ਤੇ ਕੋਰੋਨਾਵਾਇਰਸ ਵੱਡੇ ਪੱਧਰ ਉਪਰ ਫੈਲ ਸਕਦਾ ਹੈ। ਡਾ ਫੌਕੀ ਅਨੁਸਾਰ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਵਾਲਿਆਂ ਤੇ ਪ੍ਰਦਰਸ਼ਨਾਂ ਨੂੰ ਨਿਯੰਤਰਣ ਕਰਨ ਵਾਲਿਆਂ ਦੋਨਾਂ ਲਈ ਹੀ ਖਤਰਾ ਹੈ ਤੇ ਉਹ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਸਕਦੇ ਹਨ। ਜਦੋਂ ਉਨਾਂ ਨੂੰ ਪੁੱਛਿਆ ਗਿਆ ਕੀ ਉਹ ਆਪਣੀ ਇਹ ਸਲਾਹ ਉਨਾਂ ਲੋਕਾਂ ਨੂੰ ਵੀ ਦੇਣਗੇ ਜੋ ਟਰੰਪ ਦੀ ਰੈਲੀ ਵਿਚ ਸ਼ਾਮਿਲ ਹੋਣਾ ਚਹੁੰਦੇ ਹਨ ਤਾਂ ਉਨਂ ਕਿਹਾ ਬਿਲਕੁਲ ਇਹ ਸਲਾਹ ਉਨਾਂ ਲਈ ਵੀ ਹੈ। ਮੈਂ ਜੋ ਕੁਝ ਕਿਹਾ ਹੈ ਉਸ ਉਪਰ ਕਾਇਮ ਹਾਂ। ਡਾ ਫੌਕੀ ਜੋ ਵਾਈਟ ਹਾਊਸ ਕੋਰੋਨਾਵਾਇਰਸ ਟਾਸਕ ਫੋਰਸ ਦੇ ਮੈਂਬਰ ਹਨ, ਨੇ ਦੁਹਰਾਇਆ ਕਿ ਕੋਰੋਨਾ ਤੋਂ ਬਚਣ ਦਾ ਇਕੋਇਕ ਰਾਹ ਇਹ ਹੈ ਕਿ ਇਕੱਠਾਂ ਵਿਚ ਜਾਣ ਤੋਂ ਬਚਿਆ ਜਾਵੇ ਤੇ ਘਰ ਵਿਚੋਂ ਬਾਹਰ ਨਿਕਲਣ ਸਮੇ ਮਾਸਕ ਪਾਇਆ ਜਾਵੇ। ਉਨਾਂ ਕਿਹਾ ਜਦੋਂ ਤੁਸੀਂ ਆਪਣੇ ਮੂੰਹ ਤੋਂ ਮਾਸਕ ਹੇਠਾਂ ਖਿੱਚਕੇ ਉੱਚੀ-ਉੱਚੀ ਨਾਅਰੇ ਲਾਉਂਦੇ ਹੋ, ਬੋਲਦੇ ਹੋ ਤਾਂ ਇਹ ਤੁਹਾਡੇ ਤੇ ਤੁਹਾਡੇ ਆਸ ਪਾਸ ਦੇ ਲੋਕਾਂ ਲਈ ਖਤਰਾ ਸਹੇੜਣ ਦੇ ਸਮਾਨ ਹੈ। ਦੂਸਰੇ ਪਾਸੇ ਟਰੰਪ ਟੁਲਸਾ (ਓਕਲਾਹੋਮਾ) ਵਿਚ ਰੈਲੀ ਕਰਨ ਲਈ ਬਜਿੱਦ ਹਨ ਤੇ ਉਹ ਕੋਰੋਨਾਵਾਇਰਸ ਦੇ ਖਤਰੇ ਨੂੰ ਘਟਾਕੇ ਵੇਖ ਰਹੇ ਹਨ। ਓਕਲਾਹੋਮਾ ਦੇ ਸਿਹਤ ਵਿਭਾਗ ਅਨੁਸਾਰ ਲੰਘੇ ਦਿਨ ਰਾਜ ਵਿਚ 222 ਕੋਰੋਨਾਵਾਇਰਸ ਦੇ ਨਵੇਂ ਮਰੀਜ਼ ਹਸਪਤਾਲਾਂ ਵਿਚ ਦਾਖਲ ਹੋਏ ਹਨ ਤੇ ਪੌਜ਼ਟਿਵ ਲੋਕਾਂ ਦੀ ਗਿਣਤੀ 7848 ਹੋ ਗਈ ਹੈ।