ਪਟਿਆਲਾ ਦੇ ਵੱਖ-ਵੱਖ ਬਾਜ਼ਾਰਾਂ ਦੀਆਂ ਐਸੋਸੀਏਸ਼ਨਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ

ਪਟਿਆਲਾ (ਮੀਡੀਆ ਬਿਊਰੋ) ਪਟਿਆਲਾ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਪਟਿਆਲਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੀਆਂ ਐਸੋਸੀਏਸ਼ਨਾਂ ਦੇ ਪ੍ਰਧਾਨ ਸਾਹਿਬਾਨਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਅਹਿਮ ਮੀਟਿੰਗ ਕਰਕੇ ਕੋਵਿਡ-19 ਨੂੰ ਹਰਾਉਣ ਲਈ ਸਭਨੂੰ ਮਿਲਕੇ ਹੰਭਲਾ ਮਾਰਨ ਦੀ ਅਪੀਲ ਕੀਤੀ ਹੈ। ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਵੱਲੋਂ ਆਪਣੀ ਰਿਹਾਇਸ਼ ‘ਤੇ ਪਟਿਆਲਾ ਦੇ ਵੱਖ-ਵੱਖ ਬਾਜ਼ਾਰਾਂ ਦੇ ਵਪਾਰੀਆਂ ਦੇ ਨੁਮਾਇੰਦਿਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਈ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਲੋਕਾਂ ਨੂੰ ਕੋਰੋਨਾ ਯੋਧਿਆਂ, ਖਾਸ ਕਰਕੇ ਡਾਕਟਰਾਂ, ਰਜਿੰਦਰਾ ਹਸਪਤਾਲ ਸਮੇਤ ਸਰਕਾਰ ਵੱਲੋਂ ਕੋਵਿਡ ਵਿਰੁੱਧ ਨਿਭਾਈਆਂ ਜਾ ਰਹੀਆਂ ਸੇਵਾਵਾਂ ਸਬੰਧੀਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ‘ਤੇ ਯਕੀਨ ਨਾ ਕਰਨ ਦਾ ਵੀ ਸੱਦਾ ਦਿੱਤਾ ਹੈ। ਉਨ੍ਹਾਂ ਵਪਾਰੀਆਂ ਨੂੰ ਵੀ ਕਿਹਾ ਕਿ ਉਹ ਜਿੱਥੇ ਖ਼ੁਦ ਸਾਵਧਾਨੀਆਂ ਵਰਤਣ ਉਥੇ ਆਮ ਲੋਕਾਂ ਨੂੰ ਵੀ ਕੋਵਿਡ ਤੋਂ ਬਚਣ ਲਈ ਇਹਤਿਆਤ ਵਰਤਣ ਲਈ ਜਾਗਰੂਕ ਕਰਨ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੋਵਿਡ-19 ਵਿਰੁੱਧ ਵਿੱਢੀ ਜੰਗ ‘ਮਿਸ਼ਨ ਫ਼ਤਿਹ’ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਜਿੱਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਵਪਾਰੀਆਂ ਵੱਲੋਂ ਦਿੱਤੇ ਗਏ ਸੁਝਾਉ ਅਤੇ ਉਨ੍ਹਾਂ ਨੂੰ ਦੱਸੇ ਗਏ ਮਸਲੇ ਉਹ ਮੁੱਖ ਮੰਤਰੀ ਤੱਕ ਪੁੱਜਦਾ ਕਰਕੇ ਇਨ੍ਹਾਂ ਨੂੰ ਹੱਲ ਕਰਵਾਉਣਗੇ ਅਤੇ ਜਿਹੜੇ ਮਸਲੇ ਕੇਂਦਰ ਸਰਕਾਰ ਨਾਲ ਸਬੰਧਤ ਹਨ, ਉਸ ਬਾਰੇ ਸੰਸਦ ‘ਚ ਆਵਾਜ ਬੁਲੰਦ ਕਰਨਗੇ। ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਮੇਅਰ ਸ੍ਰੀ ਸੰਜੀਵ ਸ਼ਰਮਾ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਕਾਂਗਰਸ ਦੇ ਵਪਾਰ ਸੈਲ ਦੇ ਕੋ-ਪ੍ਰਧਾਨ ਤੇ ਕੌਂਸਲਰ ਸ੍ਰੀ ਅਤੁਲ ਜੋਸ਼ੀ, ਕੌਂਸਲਰ ਤੇ ਬਲਾਕ ਪ੍ਰਧਾਨ ਸ੍ਰੀ ਨਰੇਸ਼ ਦੁੱਗਲ, ਸ਼ਹਿਰੀ ਯੂਥ ਪ੍ਰਧਾਨ ਸ੍ਰੀ ਅਨੁਜ ਖੋਸਲਾ, ਕੌਂਸਲਰ ਸ੍ਰੀ ਸੰਦੀਪ ਮਲਹੋਤਰਾ, ਸ੍ਰੀ ਵਿਪਨ ਸ਼ਰਮਾ ਸਮੇਤ ਹੋਰ ਮੌਜੂਦ ਸਨ। ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਕੋਵਿਡ ਸਬੰਧੀਂ ਕਿਸੇ ਵੀ ਸਿਆਸੀ ਪਾਰਟੀ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਵਿਸ਼ਵ ਵਿਆਪੀ ਮਹਾਂਮਾਰੀ ਹੈ, ਜਿਸ ਨਾਲ ਲੜਨ ਲਈ ਪੰਜਾਬ ਸਰਕਾਰ ਹਰ ਸੰਭਵ ਉਪਰਾਲਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦਾ ਸਰਕਾਰੀ ਰਾਜਿੰਦਰਾ ਹਸਪਤਾਲ ਕੋਵਿਡ ਮਰੀਜਾਂ ਨੂੰ ਸੰਭਾਲਣ ਲਈ ਹਰ ਪੱਖੋਂ ਸਮਰੱਥ ਹੈ, ਇਸ ਲਈ ਕਿਸੇ ਨੂੰ ਕੋਵਿਡ ਦਾ ਕੋਈ ਲੱਛਣ ਨਜ਼ਰ ਆਵੇ ਤਾਂ ਜੇਕਰ ਉਹ ਤੁਰੰਤ ਡਾਕਟਰੀ ਸਹਾਇਤਾ ਲਵੇ ਤਾਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਦੌਰਾਨ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਸ੍ਰੀਮਤੀ ਪਰਨੀਤ ਕੌਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਟਿਆਲਾ ਦੇ ਵਪਾਰੀ ਤੇ ਬਾਜ਼ਾਰਾਂ ਦੀਆਂ ਐਸੋਸੀਏਸ਼ਨ ਦੇ ਨੁਮਾਇੰਦੇ ਕੋਵਿਡ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਨੂੰ ਹਰ ਪੱਖੋਂ ਸਹਿਯੋਗ ਦੇ ਰਹੇ ਹਨ। ਸ੍ਰੀ ਸ਼ਰਮਾ ਨੇ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਦਾਰਿਆਂ ‘ਚ ਆਉਣ ਵਾਲੇ ਗਾਹਕਾਂ ਤੇ ਆਮ ਲੋਕਾਂ ਨੂੰ ਕੋਵਿਡ ਤੋਂ ਬਚਣ ਲਈ ਮਾਸਕ ਪਾਉਣ ਤੇ ਦੂਰੀ ਬਣਾਂ ਕੇ ਰੱਖਣ ਲਈ ਸੁਚੇਤ ਕਰਨ। ਇਸ ਤੋਂ ਇਲਾਵਾ ਗਿੱਲਾ ਤੇ ਸੁੱਕਾ ਕੂੜਾ ਵੱਖੋ-ਵੱਖ ਕਰਨ ਤਾਂ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਇਆ ਜਾ ਸਕੇ। ਉਨ੍ਹਾਂ ਨੇ ਡੇਂਗੂ ਤੋਂ ਬਚਣ ਲਈ ਵੀ ਨਗਰ ਨਿਗਮ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਮੈਰਿਜ ਪੈਲੇਸ, ਹੋਟਲ, ਰੈਸਟੋਰੈਂਟ ਤੇ ਕੇਟਰਿੰਗ ਐਸੋਸੀਏਸ਼ਨ ਦੇ ਨੁਮਾਇੰਦੇ, ਪ੍ਰਧਾਨ ਪੰਜਾਬ ਵਪਾਰ ਮੰਡਲ ਸ੍ਰੀ ਰਕੇਸ਼ ਗੁਪਤਾ, ਕੈਮਿਸ਼ਟ ਐਸੋਸੀਏਸ਼ਨ, ਰੇਡੀਮੇਡ ਗਾਰਮੈਂਟ ਐਸੋਸੀਏਸ਼ਨ, ਫੋਕਲ ਪੁਆਇੰਟ ਐਸੋਸੀਏਸ਼ਨ, ਸਵਰਨਕਾਰ ਸੰਘ, ਪੇਂਟ, ਪਲਾਈ, ਹਾਰਡਵੇਅਰ ਡੀਲਰਜ, ਕਿਤਾਬਾਂ ਦੀ ਮਾਰਕੀਟ, ਬਰਤਨ ਬਾਜ਼ਾਰ, ਸਦਰ ਬਾਜ਼ਾਰ ਕਰਾਕਰੀ, ਬਾਜ਼ਾਰ, ਆਚਾਰ ਬਾਜ਼ਾਰ, ਆਯੁਰਵੈਦਿਕ ਐਸੋਸੀਏਸ਼ਨ, ਸਵੀਟਸ਼ ਸਾਪਸ਼, ਕਿਲਾ ਚੌਂਕ, ਏ.ਸੀ. ਮਾਰਕੀਟ, ਗੁੜ ਮੰਡੀ, ਸ਼ੇਰੇ ਪੰਜਾਬ ਮਾਰਕੀਟ, ਸਿੰਘ ਸਭਾ ਫੁਹਾਰਾ ਚੌਂਕ ਮਾਰਕੀਟ, ਛੋਟੀ ਬਾਰਾਦਰੀ, ਕਾਰ ਡੀਲਰ ਐਸੋਸੀਏਸ਼ਨ, ਪੰਜਾਬੀ ਜੁੱਤੀ ਮਾਰਕੀਟ, ਪਲਾਸਟਿਕ ਐਸੋਸੀਏਸ਼ਨ ਆਦਿ ਦੇ ਨੁਮਾਇੰਦਿਆਂ ਨੇ ਆਪਣੀਆਂ ਸਮੱਸਿਆਵਾਂ ਤੇ ਮੰਗਾਂ ਤੋਂ ਸ੍ਰੀਮਤੀ ਪਰਨੀਤ ਕੌਰ ਨੂੰ ਜਾਣੂ ਕਰਵਾਇਆ। ਇਸ ਦੌਰਾਨ ਇਨ੍ਹਾਂ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਵੱਲੋਂ ਦੁਕਾਨਾਂ ਦਾ ਸਮਾਂ ਵਧਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀਮਤੀ ਪਰਨੀਤ ਕੌਰ ਧੰਨਵਾਦ ਕੀਤਾ। ਵਪਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪਹਿਲਾਂ ਜੀ.ਐਸ.ਟੀ., ਫਿਰ ਨੋਟਬੰਦੀ ਤੇ ਹੁਣ ਕੋਵਿਡ ਦੇ ਲਾਕਡਾਊਨ ਨੇ ਮਾਰ ਮਾਰੀ ਹੈ, ਜਿਸ ਲਈ ਸਰਕਾਰ ਉਨ੍ਹਾਂ ਦੀ ਸਹਾਇਤਾ ਕਰਨ ਲਈ ਅੱਗੇ ਆਵੇ, ਜਿਸ ‘ਤੇ ਸ੍ਰੀਮਤੀ ਪਰਨੀਤ ਕੌਰ ਨੇ ਭਰੋਸਾ ਦਿੱਤਾ ਕਿ ਉਹ ਵਪਾਰੀਆਂ ਦੀਆਂ ਮੰਗਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣੂ ਕਰਵਾਉਣਗੇ।