ਬ੍ਰਿਸਬੇਨ, ਆਸਟ੍ਰੇਲੀਆ (ਹਰਜੀਤ ਲਸਾੜਾ) ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ‘ਚ ਪੰਜਾਬੀ ਬੋਲੀ ਅਤੇ ਸਾਹਿਤ ਪ੍ਰਤੀ ਕਾਰਜਸ਼ੀਲ ਸੰਸਥਾ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ’ ਵੱਲੋਂ ਕਿਸਾਨੀ ਅੰਦੋਲਨ ਨੂੰ ਸਮਰਪਿਤ ਕਾਵਿ ਬੈਠਕ ਅਤੇ ਲੇਖਕ ਰਿਸ਼ੀ ਗੁਲਾਟੀ ਲਿੱਖਤ ਕਿਤਾਬ ‘ਆਕਰਸ਼ਣ ਦਾ ਸਿਧਾਂਤ’ ਲੋਕ ਅਰਪਿਤ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਵਰਿੰਦਰ ਅਲੀਸ਼ੇਰ ਵੱਲੋਂ ਕਿਸਾਨੀ ਸਘੰਰਸ਼ ਦੇ ਸਬੰਧ ਵਿੱਚ ਸ਼ੋਸ਼ਲ ਮੀਡੀਆ ਦੇ ਮਜ਼ੂਦਾ ਰੋਲ ਬਾਰੇ ਤਕਰੀਰਾਂ ਨਾਲ ਤਰਕੀ ਸੰਵਾਦ ਰਚਾਇਆ ਗਿਆ। ਇਸ ਉਪਰਾਂਤ ਪੁਸਤਕ ‘ਆਕਰਸ਼ਣ ਦਾ ਸਿਧਾਂਤ’ ਬਾਬਤ ਸੰਸਥਾ ਕਰਮੀ ਵਰਿੰਦਰ ਅਲੀਸ਼ੇਰ ਅਤੇ ਹਰਮਨਦੀਪ ਗਿੱਲ ਵੱਲੋਂ ਵਿਸਥਾਰ ਪਰਚੇ ਪੜ੍ਹੇ ਗਏ। ਬੁਲਾਰਿਆਂ ਨੇ ਆਪਣੇ ਸੰਵਾਦਾਂ ਵਿੱਚ ਇਸ ਪੁਸਤਕ ਨੂੰ ਪੰਜਾਬੀ ਭਾਸ਼ਾ ‘ਚ ਪਾਠਕਾਂ ਤੱਕ ਪਹੁੰਚਦਾ ਕਰਨ ਨੂੰ ਸਲਾਹਿਆ ਅਤੇ ਮਨੋਵਿਗਿਆਨ ਖੇਤਰ ‘ਚ ਵਿਲੱਖਣ ਉਪਰਾਲਾ ਦੱਸਿਆ।
ਉਹਨਾਂ ਅਨੁਸਾਰ ਇਹ ਪੁਸਤਕ ਇੰਨਸਾਨੀ ਸਮੱਸਿਆਵਾਂ ਦੇ ਨਿਪਟਾਰੇ ਦਾ ਸ਼ਬਦੀ ਸੁਮੇਲ ਹੈ ਅਤੇ ਮਜ਼ੂਦਾ ਪਦਾਰਥਵਾਦੀ ਸਮੇਂ ‘ਚ ਪਲ ਪਲ ਮਰ ਰਹੀ ਇੰਨਸਾਨੀ ਜ਼ਿੰਦਗੀ ਨੂੰ ਨਵੀਂ ਊਰਜਾ ਦੇਣ ਦਾ ਭਰਪੂਰ ਸੋਮਾ ਹੈ। ਲੇਖਕ ਨੇ ਬਹੁਤ ਸਰਲ ਉਦਾਹਰਣਾਂ ਨਾਲ ਮਨੁੱਖੀ ਸਮੱਸਿਆਵਾਂ ਦਾ ਵਿਰਤਾਂਤ ਸਿਰਜਿਆ ਹੈ ਅਤੇ ਸੂਖਮ ਤਰਕਾਂ ਦੇ ਹਵਾਲੇ ਨਾਲ ਇਹਨਾਂ ਨੂੰ ਨਜਿੱਠਣ ਲਈ ਪ੍ਰੇਰਿਆ ਹੈ। ਦੋ ਘੰਟੇ ਚੱਲੇ ਇਸ ਸੰਮੇਲਨ ‘ਚ ਹੋਰਨਾਂ ਤੋਂ ਇਲਾਵਾ ਵਰਿੰਦਰ ਅਲੀਸ਼ੇਰ, ਸੁਰਿੰਦਰ ਖੁਰਦ, ਦਲਜੀਤ ਸਿੰਘ, ਸੋਨੂੰ ਔਲਖ (ਭਾਰਤੀ ਕਿਸਾਨ ਏਕਤਾ ਕਲੱਬ), ਰਣਜੀਤ ਭਾਊ (ਮਾਝਾ ਕਲੱਬ), ਬਲਵਿੰਦਰ ਮੋਰੋਂ, ਹਰਮਨਦੀਪ ਗਿੱਲ, ਜਗਜੀਤ ਖੋਸਾ ਤੇ ਹਰਜੀਤ ਲਸਾੜਾ (ਰੇਡੀਓ ਫੋਰ ਈਬੀ), ਲਹਿੰਦੇ ਪੰਜਾਬ ਦੇ ਉਰਦੂ ਸ਼ਾਇਰ ਨਦੀਮ ਅਕਰਮ, ਗੀਤਕਾਰ ਸੁਰਜੀਤ ਸੰਧੂ, ਜਸਵੰਤ ਵਾਗਲਾ, ਹਰਜੀਤ ਕੌਰ ਸੰਧੂ ਆਦਿ ਨੇ ਕਿਸਾਨੀ ਨਜਮਾਂ ਦੀ ਪੇਸ਼ਕਾਰੀ ਕੀਤੀ।






















