ਸ਼ਿਕਾਗੋ (ਹੁਸਨ ਲੜੋਆ ਬੰਗਾ)– ਸ਼ਿਕਾਗੋ ਦੇ ਮੈਗਨੀਫੀਸੈਂਟ ਮਿਲੇ ਸ਼ਾਪਿੰਗ ਡਿਸਟ੍ਰਿਕਟ ਤੇ ਸ਼ਹਿਰ ਦੇ ਅੰਦਰਲੇ ਹਿੱਸਿਆਂ ਵਿਚ ਭੜਕੇ ਲੋਕਾਂ ਨੇ ਸਟੋਰਾਂ ਵਿਚ ਲੁੱਟ ਖਸੁੱਟ ਕੀਤੀ ਤੇ ਇਮਾਰਤਾਂ ਦੇ ਸ਼ੀਸ਼ੇ ਤੋੜ ਦਿੱਤੇ। ਪੁਲਿਸ ਨਾਲ ਹੋਈਆਂ ਝੜਪਾਂ ਵਿਚ ਅਨੇਕਾਂ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਵਿਚ ਪੁਲਿਸ ਦੇ ਘਟੋ ਘੱਟ 13 ਅਧਿਕਾਰੀ ਵੀ ਸ਼ਾਮਿਲ ਹਨ। ਪੁਲਿਸ ਨੇ 100 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਸ਼ਿਕਾਗੋ ਪੁਲਿਸ ਵਿਭਾਗ ਦੇ ਸੁਪਰਡੈਂਟ ਡੇਵਿਟ ਬਰਾਊਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੋਸ਼ਲ ਮੀਡੀਆ ਉਪਰ ਲੁੱਟ ਖਸੁੱਟ ਦੀ ਪੋਸਟ ਵੇਖਣ ਉਪਰੰਤ ਸ਼ਿਕਾਗੋ ਵਿਚ ਤਕਰੀਬਨ 400 ਪੁਲਿਸ ਅਧਿਕਾਰੀ ਭੇਜੇ ਗਏ। ਪੁਲਿਸ ਤੇ ਹਿੰਸਾ ‘ਤੇ ਉਤਾਰੂ ਲੋਕਾਂ ਵਿਚਾਲੇ ਗੋਲੀਆਂ ਦਾ ਵਟਾਂਦਰਾ ਵੀ ਹੋਇਆ।
ਇਕ ਸੁਰੱਖਿਆ ਗਾਰਡ ਤੇ ਇਕ ਆਮ ਨਾਗਰਿਕ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬਰਾਊਨ ਅਨੁਸਾਰ ਅਜਿਹਾ ਲੱਗਦਾ ਹੈ ਕਿ ਸੋਸ਼ਲ ਮੀਡੀਆ ਉਪਰ ਪੁਲਿਸ ਅਫਸਰਾਂ ਵੱਲੋਂ ਇਕ 20 ਸਾਲਾ ਨੌਜਵਾਨ ਜਿਸ ਦਾ ਕਿ ਲੰਬਾ ਅਪਰਾਧਕ ਪਿਛੋਕੜ ਹੈ, ਨੂੰ ਜ਼ਖਮੀ ਕਰਨ ਦੀ ਵਾਪਰੀ ਘਟਨਾ ਸਬੰਧੀ ਪਾਈਆਂ ਪੋਸਟਾਂ ਕਾਰਨ ਲੋਕ ਭੜਕੇ ਹਨ। ਇਸ ਘਟਨਾ ਤੋਂ ਬਾਅਦ ਫੇਸ ਬੁੱਕ ਉਪਰ ਇਕ ਝੂਠੀ ਵੀਡੀਓ ਪਾਈ ਗਈ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਪੁਲਿਸ ਨੇ ਇਕ 15 ਸਾਲਾ ਲੜਕੇ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਹੈ। ਪੁਲਿਸ ਅਨੁਸਾਰ ਇਹ ਅਯੋਜਿਤ ਪ੍ਰਦਰਸ਼ਨ ਨਹੀਂ ਸੀ ਬਲਕਿ ਇਹ ਸਾਡੀ ਪੁਲਿਸ ਤੇ ਸਾਡੇ ਸ਼ਹਿਰੀਆਂ ਵਿਰੁੱਧ ਹਿੰਸਾ ਭੜਕਾਈ ਗਈ ਹੈ। ਮੌਕੇ ਦੇ ਗਵਾਹਾਂ ਅਨੁਸਾਰ ਲੋਕ ਸਟੋਰਾਂ ਵਿਚੋਂ ਜੋ ਵੀ ਕੁਝ ਮਿਲਿਆ ਥੈਲਿਆਂ ਵਿਚ ਭਰਕੇ ਲੈ ਗਏ। ਇਕ ਬੈਂਕ ਨੂੰ ਵੀ ਨੁਕਸਾਨ ਪਹੁੰਚਾਇਆ ਤੇ ਉਸ ਦੇ ਸ਼ੀਸ਼ੇ ਤੋੜ ਦਿੱਤੇ। ਸ਼ਿਕਾਗੋ ਦੀ ਮੇਅਰ ਲੌਰੀ ਲਾਈਟਫੁੱਟ ਨੇ ਘਟਨਾ ਨੂੰ ਅਪਰਾਧਕ ਕਰਾਰ ਦਿੰਦਿਆਂ ਕਿਹਾ ਹੈ ਕਿ ਗ੍ਰਿਫਤਾਰ ਵਿਅਕਤੀਆਂ ਨੂੰ ਲੁੱਟਮਾਰ, ਭੜਕਾਹਟ ਪੈਦਾ ਕਰਨ ਤੇ ਪੁਲਿਸ ਉਪਰ ਹਮਲੇ ਵਰਗੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਗਰੀਬ ਲੋਕ ਨਹੀਂ ਸੀ ਜੋ ਮਜ਼ਬੂਰੀ ਵੱਸ ਲੁੱਟਮਾਰ ਕਰ ਰਹੇ ਸਨ ਬਲਕਿ ਇਹ ਸਿੱਧੇ ਤੌਰ ‘ਤੇ ਅਪਰਾਧੀ ਲੋਕਾਂ ਦਾ ਕਾਰਾ ਹੈ ਜਿਨਾਂ ਵਿਰੁੱਧ ਕਾਰਵਾਈ ਹੋਵੇਗੀ।