ਅਮਰੀਕੀ ਰਾਜਧਾਨੀ ਵਿੱਚ ਟਰੰਪ ਪੱਖੀ ਦੰਗਿਆਂ ਦੌਰਾਨ ਜ਼ਖਮੀ ਹੋਏ ਪੁਲਿਸ ਅਧਿਕਾਰੀ ਦੀ ਹੋਈ ਮੌਤ

ਫਰਿਜ਼ਨੋ ,ਕੈਲੀਫੋਰਨੀਆਂ ( ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)– ਵਾਸ਼ਿੰਗਟਨ, ਡੀ.ਸੀ. ਵਿੱਚ ਬੁੱਧਵਾਰ ਨੂੰ ਟਰੰਪ ਪੱਖੀ ਹਿੰਸਕ ਪ੍ਰਦਰਸ਼ਨ ਦੌਰਾਨ ਜਖਮੀ ਹੋਏ ਇੱਕ ਕੈਪੀਟਲ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਹੈ। ਇਸ ਮੌਤ ਨਾਲ ਪ੍ਰਦਰਸ਼ਨ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਪੰਜ ਤੱਕ ਪਹੁੰਚ ਗਈ ਹੈ। ਕੈਪੀਟਲ ਪੁਲਿਸ ਨੇ ਇੱਕ ਬਿਆਨ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਸੰਯੁਕਤ ਰਾਜ ਦੇ ਕੈਪੀਟਲ ਪੁਲਿਸ ਦਾ ਅਧਿਕਾਰੀ ਬ੍ਰਾਇਨ ਡੀ ਸਿਕਨਿਕ 6 ਜਨਵਰੀ, 2021 ਨੂੰ ਬੁੱਧਵਾਰ ਵਾਲੇ ਦਿਨ ਦੇਸ਼ ਦੀ ਰਾਜਧਾਨੀ “ਚ ਹੋਏ ਦੰਗਿਆਂ ਵਿੱਚ ਕਾਰਵਾਈ ਕਰਦਿਆਂ ਪ੍ਰਦਰਸ਼ਨਕਾਰੀਆਂ ਨਾਲ ਹੋਈ ਝੜਪ ਦੌਰਾਨ ਸਿਰ ਵਿੱਚ ਅੱਗ ਬੁਝਾਊ ਸਿਲੰਡਰ ਵੱਜਣ ਨਾਲ ਜਖਮੀ ਹੋ ਗਿਆ ਸੀ।

ਸਿਕਨਿਕ ਨੂੰ ਹਸਪਤਾਲ “ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਵੀਰਵਾਰ ਰਾਤ ਨੂੰ ਤਕਰੀਬਨ 9:30 ਵਜੇ ਉਸਦੀ ਮੌਤ ਹੋ ਗਈ। ਇਸ ਅਧਿਕਾਰੀ ਦੀ ਮੌਤ ਦੀ ਜਾਂਚ ਮੈਟਰੋਪੋਲੀਟਨ ਪੁਲਿਸ ਵਿਭਾਗ ਦੀ ਹੋਮੀਸਾਈਡ ਬ੍ਰਾਂਚ, ਕੈਪੀਟਲ ਪੁਲਿਸ ਅਤੇ ਫੈਡਰਲ ਪਾਰਟਨਰ ਕਰਨਗੇ। ਅਧਿਕਾਰੀਆਂ ਅਨੁਸਾਰ ਮ੍ਰਿਤਕ ਪੁਲਿਸ ਅਧਿਕਾਰੀ ਸਿਕਨਿਕ ਜੁਲਾਈ 2008 ਵਿੱਚ ਕੈਪੀਟਲ ਪੁਲਿਸ ‘ਚ ਭਰਤੀ ਹੋਇਆ ਸੀ ਅਤੇ ਹਾਲ ਹੀ ਵਿੱਚ ਵਿਭਾਗ ਦੀ ਪਹਿਲਾਂ ਜਵਾਬ ਦੇਣ ਵਾਲੀ ਯੂਨਿਟ ਵਿੱਚ ਆਇਆ ਸੀ। ਰਾਜਧਾਨੀ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਕਾਰਨ ਪੁਲਿਸ ਦੁਆਰਾ ਦੰਗਾਕਾਰੀਆਂ ਨੂੰ ਕੈਪੀਟਲ ਵਿੱਚ ਦਾਖਲ ਹੋਣ ਤੋਂ ਰੋਕਣ ਵਿੱਚ ਅਸਫਲ ਰਹਿਣ ਲਈ ਵੱਡੀ ਪੱਧਰ ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਸ ਮਾਮਲੇ ਦੇ ਸੰਬੰਧ ਵਿੱਚ ਕੈਪੀਟਲ ਪੁਲਿਸ ਦੇ ਮੁਖੀ ਸਟੀਵਨ ਸੁੰਡ ਨੇ ਵੀਰਵਾਰ ਨੂੰ ਆਪਣਾ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਮੈਟਰੋਪੋਲੀਟਨ ਪੁਲਿਸ ਵਿਭਾਗ ਨੇ ਬੁੱਧਵਾਰ ਅਤੇ ਵੀਰਵਾਰ ਸਵੇਰੇ 68 ਲੋਕਾਂ ਨੂੰ ਸ਼ਹਿਰ ਦੇ ਮੇਅਰ ਦੁਆਰਾ ਲਗਾਏ ਗਏ ਕਰਫਿਊ ਦੀ ਉਲੰਘਣਾ ਕਰਨ ਲਈ ਗ੍ਰਿਫਤਾਰ ਕੀਤਾ ਹੈ ਅਤੇ ਅਮਰੀਕੀ ਕੈਪੀਟਲ ਪੁਲਿਸ ਦੁਆਰਾ ਵੀ ਦੰਗਿਆਂ ਦੌਰਾਨ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

Share This :

Leave a Reply