ਭਾਰਤੀ ਮੂਲ ਦੇ ਡਾਕਟਰ ‘ਤੇ ਬੰਦੂਕ ਤਾਨਣ ਵਾਲੇ ਪੁਲਿਸ ਅਧਿਕਾਰੀ ਨੂੰ ਬਿਨਾਂ ਤਨਖਾਹ ਇਕ ਹਫ਼ਤੇ ਲਈ ਕੀਤਾ ਮੁਅੱਤਲ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)—ਕੋਲੋਰਾਡੋ ਦੇ ਇਕ ਪੁਲਿਸ ਅਧਿਕਾਰੀ ਨੂੰ ਭਾਰਤੀ ਮੂਲ ਦੇ ਇਕ ਅਮਰੀਕੀ ਡਾਕਟਰ ਉਪਰ ਬੰਦੂਕ ਤਾਣਨ ਦੇ ਮਾਮਲੇ ਵਿਚ ਇਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਔਰਾਰਾ ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੁਲਿਸ ਅਫਸਰ ਜਸਟਿਨ ਹੈਂਡਰਸਨ ਨੂੰ ਮੁਅੱਤਲੀ ਦੇ ਸਮੇ ਦੀ ਤਨਖਾਹ ਨਹੀਂ ਮਿਲੇਗੀ। ਉਸ ਨੂੰ ਆਪਣੇ ਵਿਵਹਾਰ ਵਿਚ ਸੁਧਾਰ ਲਈ ਟਰੇਨਿੰਗ ਵਿਚ ਵੀ ਸ਼ਾਮਿਲ ਹੋਣਾ ਪਵੇਗਾ। ਇਹ ਘਟਨਾ ਬਹੁਤ ਚਰਚਿਤ ਹੋਈ ਸੀ। ਡਾਕਟਰ ਪੀ ਜੇ ਪਰਮਾਰ ਵੱਲੋਂ ਰਾਹ ਵਿਚ ਖੜੀ ਪੁਲਿਸ ਅਧਿਕਾਰੀ ਦੀ ਕਾਰ ਨੂੰ ਪਾਸੇ ਕਰਨ ਲਈ ਜਦੋਂ ਹਾਰਨ ਮਾਰਿਆ ਗਿਆ ਤਾਂ ਗੁੱਸੇ ਵਿਚ ਆਏ ਪੁਲਿਸ ਅਧਿਕਾਰੀ ਨੇ ਉਸ ਉਪਰ ਬੰਦੂਕ ਤਾਣ ਲਈ ਤੇ ਉਸ ਨੂੰ ਆਪਣੀ ਕਾਰ ਵਿਚ ਹੀ ਬੈਠੇ ਰਹਿਣ ਲਈ ਕਿਹਾ।

 ਡਾਕਟਰ ਦਾ ਕਹਿਣਾ ਹੈ ਕਿ ਗੋਰੇ ਪੁਲਿਸ ਅਧਿਕਾਰੀ ਨੇ ਨਸਲ ਕਾਰਨ ਮੇਰੇ ਨਾਲ ਬਦਤਮੀਜ਼ੀ ਕੀਤੀ ਹੈ। ਉਨਾਂ ਕਿਹਾ ਸੀ ਕਿ ਪੁਲਿਸ ਨੂੰ ਖੁਲ ਦਿੱਤੀ ਹੋਈ ਹੈ, ਉਹ ਜੋ ਚਹੁੰਦੀ ਹੈ ਕਰਦੀ ਹੈ। ਪਰਮਾਰ ਦੇ ਵਕੀਲ ਡੇਵਿਡ ਲੇਨ ਨੇ ਕਿਹਾ ਹੈ ਕਿ ਉਹ ਪੁਲਿਸ ਅਧਿਕਾਰੀ ਵੱਲੋਂ ਕੀਤੀ ਧੱਕੇਸ਼ਾਹੀ ਵਿਰੁੱਧ ਸੰਘੀ ਅਦਾਲਤ ਵਿਚ ਪਟੀਸ਼ਨ ਦਾਇਰ ਕਰ ਰਹੇ ਹਨ।

Share This :

Leave a Reply