ਪੁਲਿਸ ਨੇ ਹਰ ਨਾਕੇ ‘ਤੇ ਲੋਕਾਂ ਦੇ ਮਾਸਕ ਪੁਆਏ, ਮੋਬਾਇਲਾਂ ‘ਚ ਡਾਊਨਲੋਡ ਕਰਵਾਈ ਕੋਵਾ ਐਪ

ਕੋਵਿਡ-19 ਵਿਰੁੱਧ ਜੰਗ ‘ਮਿਸ਼ਨ ਫ਼ਤਿਹ’: ਪਟਿਆਲਾ ਪੁਲਿਸ ਨੇ ਚਲਾਈ ਜਾਗਰੂਕਤਾ ਮੁਹਿੰਮ

ਥਾਣਾ ਪੱਧਰ ‘ਤੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਕੀਤਾ ਜਾਗਰੂਕ-ਮਨਦੀਪ ਸਿੰਘ ਸਿੱਧੂ

ਮਾਸਕ ਨਾ ਪਾਉਣ ਕਰਕੇ 4698 ਚਲਾਨ, 17 ਲੱਖ 74 ਹਜ਼ਾਰ ਰੁਪਏ ਜ਼ੁਰਮਾਨਾ-ਐਸ.ਐਸ.ਪੀ.

ਜਨਤਕ ਥਾਵਾਂ ‘ਤੇ ਥੁੱਕਣ ਵਾਲੇ 74 ਜਣਿਆਂ ਨੂੰ 13500 ਰੁਪਏ ਜ਼ੁਰਮਾਨਾ

ਨਾਭਾ/ਪਟਿਆਲਾ, 20 ਜੂਨ:( ਤਰੁਣ ਮਹਿਤਾ)ਪਟਿਆਲਾ ਪੁਲਿਸ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਅੱਜ ਜ਼ਿਲ੍ਹੇ ਭਰ ‘ਚ ਜਾਗਰੂਕਤਾ ਮੁਹਿੰਮ ਚਲਾਈ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਵਿਰੁੱਧ ਇਹਤਿਆਤ ਵਰਤ ਕੇ ਕੋਵਿਡ-19 ਦੀ ਮਹਾਂਮਾਰੀ ਤੋਂ ਬਚਣ ਲਈ ਮਿਸ਼ਨ ਫ਼ਤਿਹ ਦਾ ਸਾਥ ਦੇਣ।ਐਸ.ਐਸ.ਪੀ. ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਅੱਜ ਮਿਸ਼ਨ ਫ਼ਤਿਹ ਤਹਿਤ ਵਿਸ਼ੇਸ਼ ਮੁਹਿੰਮ ਚਲਾਈ, ਇਸ ਦੌਰਾਨ ਜ਼ਿਲ੍ਹੇ ਭਰ ਅੰਦਰ ਪੁਲਿਸ ਥਾਣਿਆਂ ਅਤੇ ਚੌਂਕੀਆਂ ਦੇ ਪੱਧਰ ‘ਤੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ।

ਹਰ ਨਾਕੇ ‘ਤੇ ਪੁਲਿਸ ਨੇ ਬਿਨ੍ਹਾਂ ਮਾਸਕ ਵਾਲੇ ਲੋਕਾਂ ਨੂੰ ਜਿੱਥੇ ਮਾਸਕ ਵੰਡੇ ਉਥੇ ਹੀ ਲੋਕਾਂ ਦੇ ਮੋਬਾਇਲ ਫੋਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਵਿਕਸਤ ਕੋਵਾ ਐਪ ਵੀ ਡਾਊਨਲੋਡ ਕਰਵਾਈ।ਸ. ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਤਹਿਤ ਬਿਨ੍ਹਾਂ ਮਾਸਕ ਵਾਲੇ ਲੋਕਾਂ ਦੇ ਚਲਾਨ ਕੱਟਦਿਆਂ 4698 ਲੋਕਾਂ ਨੂੰ 17 ਲੱਖ 74 ਹਜ਼ਾਰ ਰੁਪਏ ਦੇ ਜ਼ੁਰਮਾਨੇ ਕੀਤੇ ਹਨ। ਜਦੋਂਕਿ ਹੋਮ ਕੰਵਾਰਟਾਈਨ ਦੀ ਉਲੰਘਣਾ ਕਰਨ ਵਾਲੇ ਦੋ ਜਣਿਆਂ ਨੂੰ 4000 ਰੁਪਏ ਜੁਰਮਾਨਾ ਅਤੇ ਜਨਤਕ ਥਾਵਾਂ ‘ਤੇ ਥੁੱਕਣ ਵਾਲੇ 74 ਜਣਿਆਂ ਦੇ ਚਲਾਨ ਕੱਟਕੇ ਉਨ੍ਹਾਂ ਨੂੰ 13500 ਰੁਪਏ ਜ਼ੁਰਮਾਨਾ ਕੀਤਾ ਗਿਆ ਹੈ।ਐਸ.ਐਸ.ਪੀ. ਨੇ ਦੱਸਿਆ ਕਿ ਮਿਸ਼ਨ ਫ਼ਤਿਹ ਦੀ ਅੱਜ ਦੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਨਿਗਰਾਨੀ ਜ਼ਿਲ੍ਹਾ ਪੱਧਰ ‘ਤੇ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਐਸ.ਪੀ. ਸਥਾਨਕ ਸ੍ਰੀ ਨਵਨੀਤ ਸਿੰਘ ਬੈਂਸ, ਐਸ.ਪੀ. ਜਾਂਚ ਸ. ਹਰਮੀਤ ਸਿੰਘ ਹੁੰਦਲ, ਐਸ.ਪੀ. ਸੁਰੱਖਿਆ ਤੇ ਟ੍ਰੈਫਿਕ ਸ. ਪਲਵਿੰਦਰ ਸਿੰਘ ਚੀਮਾ ਸਮੇਤ ਸਾਰੀਆਂ ਸਬ ਡਵੀਜਨਾਂ ਦੇ ਡੀ.ਐਸ.ਪੀਜ਼ ਵੱਲੋਂ ਕੀਤੀ ਗਈ।ਸ. ਸਿੱਧੂ ਨੇ ਲੋਕਾਂ ਨੂੰ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਆਪਣਾ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਦੱਸਿਆ ਕਿ ਪੁਲਿਸ ਨੇ ਇਸ ਦੌਰਾਨ ਗਲੀਆਂ, ਮੁਹੱਲਿਆਂ, ਬਾਜ਼ਾਰਾਂ, ਨਾਕਿਆਂ ਅਤੇ ਜਨਤਕ ਥਾਵਾਂ ਦਾ ਦੌਰਾ ਕਰਦਿਆਂ ਜਿੱਥੇ ਲੋਕਾਂ ਨੂੰ ਮਾਸਕ ਪਾਉਣ, ਦੋ ਗਜ਼ ਦੀ ਆਪਸੀ ਵਿੱਥ, ਗ਼ੈਰ ਜਰੂਰੀ ਆਵਾਜਾਈ ਤੋਂ ਪਰਹੇਜ਼, ਹੱਥ ਵਾਰ-ਵਾਰ ਧੋਣ ਬਾਰੇ ਜਾਗਰੂਕਤਾ ਫੈਲਾਈ ਗਈ, ਉਥੇ ਹੀ ਲੋਕਾਂ ਦੇ ਮੋਬਾਇਲ ਫੋਨਾਂ ਵਿੱਚ ਕੋਵਾ ਐਪ ਵੀ ਡਾਊਨਲੋਡ ਕਰਵਾਈ ਗਈ।ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਲਾਕਡਾਊਨ ਤੇ ਕਰਫਿਊ ਦੇ ਪਹਿਲੇ ਦਿਨ ਤੋਂ ਹੀ ਕੋਰੋਨਾ ਵਾਇਰਸ ਵਿਰੁੱਧ ਜੰਗ ਲੜਦਿਆਂ ਜਿੱਥੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਗਈ ਉਥੇ ਹੀ ਲੋੜਵੰਦਾਂ ਦੀ ਹਰ ਪੱਖੋਂ ਮਦਦ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਮਿਸ਼ਨ ਫ਼ਤਿਹ ਦੀ ਕਾਮਯਾਬੀ ਲਈ ਕੰਮ ਕਰਦਿਆਂ ਪੁਲਿਸ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ।ਸ. ਸਿੱਧੂ ਨੇ ਦੱਸਿਆ ਕਿ ਲੋਕ ਘਰੋਂ ਬਾਹਰ ਨਿਕਲਦੇ ਹੀ ਮਾਸਕ ਪਾਉਣ, ਜਨਤਕ ਥਾਵਾਂ ‘ਤੇ ਨਾ ਥੁੱਕਣ ਆਦਿ ਹਦਾਇਤਾਂ ਦਾ ਪਾਲਣ ਕਰਨ ਅਜਿਹਾ ਨਾ ਕਰਨ ‘ਤੇ ਚਲਾਣ ਅਤੇ ਜੁਰਮਾਨਿਆਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਦੋਸ਼ੀ ਵਿਰੁੱਧ ਐਪੀਡੈਮਿਕ ਡੀਸ਼ੀਜ ਐਕਟ 1897 ਤਹਿਤ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

Share This :

Leave a Reply