ਅੰਮ੍ਰਿਤਸਰ (ਮੀਡੀਆ ਬਿਊਰੋ) ਮਿਸ਼ਨ ਫ਼ਤਿਹ ਤਹਿਤ ਜ਼ਿਲੇ ਨੂੰ ਲੋਕਾਂ ਦੇ ਸਹਿਯੋਗ ਨਾਲ ਕੋਰੋਨਾ ਤੋਂ ਮੁਕਤ ਕਰਨ ਲਈ ਆਰੰਭੀ ਗਈ ਮੁਹਿੰਮ ਤਹਿਤ ਅੱਜ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਵੱਲੋਂ ਅਧਿਕਾਰੀਆਂ, ਜਵਾਨਾਂ ਅਤੇ ਵਲੰਟੀਅਰਾਂ ਨੂੰ ਪੁਲਿਸ ਨਾਕਿਆਂ ‘ਤੇ ਡਿਊਟੀ ਦੇਣ ਦੇ ਨਾਲ-ਨਾਲ ਘਰ-ਘਰ ਪਹੁੰਚ ਕਰਕੇ ਲੋਕਾਂ ਨੂੰ ਕੋਵਿਡ-19 ਦੇ ਖਤਰੇ ਤੋਂ ਜਾਣੂੰ ਕਰਵਾ ਕੇ ਸਿਹਤ ਵਿਭਾਗ ਵੱਲੋਂ ਦਿੱਤੇ ਮੁੱਢਲੇ ਤਿੰਨ ਗੁਰ, ਜਿਸ ਵਿਚ ਮਾਸਕ ਪਾਉਣਾ, ਆਪਸੀ ਦੂਰੀ 2 ਗਜ਼ ਰੱਖਣੀ ਤੇ ਹੱਥਾਂ ਦੀ ਸਫਾਈ ਸ਼ਾਮਿਲ ਹੈ, ਦੀ ਜਾਣਕਾਰੀ ਦੇਣ ਦੀ ਹਦਾਇਤ ਕੀਤੀ। ਇਸ ਮੌਕੇ ਉਨਾਂ ਮਿਸ਼ਨ ਫ਼ਤਿਹ ਦੇ ਬੈਜ ਵੀ ਅਧਿਕਾਰੀਆਂ, ਜਵਾਨਾਂ ਅਤੇ ਵਲੰਟੀਅਰਾਂ ਨੂੰ ਲਗਾਏ ਅਤੇ ਮਿਸ਼ਨ ਯੋਧੇ ਬਣਨ ਲਈ ਪ੍ਰੇਰਿਆ।
ਡਾ. ਗਿੱਲ ਨੇ ਇਸ ਮੌਕੇ ਆਖਿਆ ਕਿ ਜੇਕਰ ਆਪਾਂ ਸਾਰੇ ਆਪਣੇ ਸ਼ਹਿਰ, ਪਿੰਡ, ਰਾਜ ਅਤੇ ਦੇਸ਼ ਦੀ ਸੁੱਖ ਚਾਹੁੰਦੇ ਹਾਂ ਤਾਂ ਸਾਨੂੰ ਸਾਰੇ ਲੋਕਾਂ ਦਾ ਸਾਥ ਲੈਣਾ ਪਵੇਗਾ, ਕਿਉਂਕਿ ਕੋਵਿਡ-19 ਦਾ ਖ਼ਤਰਾ ਉਦੋਂ ਤੱਕ ਬਰਕਰਾਰ ਹੈ, ਜਦੋਂ ਤੱਕ ਸਾਡੇ ਸਾਰੇ ਨਾਗਰਿਕ ਇਸ ਤੋਂ ਬਚਣ ਲਈ ਅਪਨਾਈਆਂ ਜਾਣ ਵਾਲੀਆਂ ਸਾਵਧਾਨੀਆਂ ਦਾ ਪਾਲਣ ਨਹੀਂ ਕਰ ਲੈਂਦੇ। ਉਨਾਂ ਨੇ ਕੋਵਿਡ-19 ਦੀ ਰੋਕਥਾਮ ਲਈ ਮੂੰਹ ‘ਤੇ ਮਾਸਕ, ਹੱਥ ਧੋਣ, ਸਮਾਜਿਕ ਦੂਰੀ ਦੇ ਸਿਧਾਂਤਾਂ ‘ਤੇ ਲੋਕਾਂ ਪਾਸੋਂ ਅਮਲ ਕਰਵਾਉਣ ਦਾ ਅਹਿਦ ਵੀ ਕਰਮਚਾਰੀਆਂ ਅਤੇ ਵਲੰਟੀਅਰਾਂ ਕੋਲੋਂ ਲਿਆ। ਉਨਾਂ ਦੱਸਿਆ ਕਿ ਹਰੇਕ ਥਾਣੇ ਦਾ ਐਸ ਐਚ ਓ ਆਪਣੇ ਖੇਤਰ ਅਧੀਨ ਬਣਾਈਆਂ ਗਈਆਂ ਹਰੇਕ ਪਿੰਡ ਦੀਆਂ ਟੀਮਾਂ ਵਿੱਚ ਮੈਂਬਰ ਰੱਖਿਆ ਗਿਆ ਹੈ। ਇਸ ਮੌਕੇ ਡੀ.ਸੀ.ਪੀ. ਜਗਮਹੋਨ ਸਿੰਘ ਨੇ ਸਮੂਹ ਅਧਿਕਾਰੀਆਂ ਤੇ ਵਲੰਟੀਅਰਾਂ ਨੂੰ ਆਪੋ-ਆਪਣੇ ਮੋਬਾਇਲ ‘ਤੇ ਕੋਵਾ ਐਪ ਡਾਊਨ ਲੋਡ ਕਰਕੇ ‘ਜੁਆਇਨ ਮਿਸ਼ਨ ਫ਼ਤਿਹ’ ਰਾਹੀਂ ‘ਮਿਸ਼ਨ ਯੋਧੇ’ ਮੁਕਾਬਲੇ ਵਿੱਚ ਭਾਗ ਲੈਣ ਲਈ ਪ੍ਰੇਰਿਆ। ਇਸ ਮਗਰੋਂ ਪੁਲਿਸ ਦੇ ਅਧਿਕਾਰੀ ਅਤੇ ਜਵਾਨ ਸ਼ਹਿਰ ਦੇ 22 ਥਾਣਾ ਖੇਤਰਾਂ ਵਿਚ ਪੈਂਦੇ ਆਪਣੇ-ਆਪਣੇ ਖੇਤਰਾਂ ਵਿਚ ਗਏ ਤੇ ਨਾਕਿਆਂ ਤੋਂ ਲੰਘਦੇ ਲੋਕਾਂ ਦੇ ਨਾਲ-ਨਾਲ ਅਬਾਦੀ ਵਿਚਲੇ ਘਰਾਂ ਵਿਚ ਜਾ ਕੇ ਲੋਕਾਂ ਨੂੰ ਕੋਵਿਡ-19 ਦੇ ਖ਼ਤਰੇ ਤੋਂ ਜਾਣੂੰ ਕਰਵਾ ਕੇ ਮਿਸ਼ਨ ਫਤਿਹ ਦਾ ਹਿੱਸਾ ਬਣਨ ਲਈ ਪ੍ਰੇਰਿਆ। ਜਵਾਨਾਂ ਨੇ ਇਸ ਮੌਕੇ ਸਾਵਧਾਨੀ ਦਰਸਾਉਂਦੇ ਪੋਸਟਰ ਲੋਕਾਂ ਵਿਚ ਵੰਡੇ ਅਤੇ ਕੋਵਾ ਐਪ ਵੀ ਲੋਕਾਂ ਦੇ ਫੋਨ ਵਿਚ ਡਾਊਨਲੋਡ ਕਰਵਾ ਕੇ ਉਨਾਂ ਨੂੰ ਸਾਵਧਾਨੀਆਂ ਦਾ ਪਾਲਣ ਕਰਨ ਤੇ ਇਸਦਾ ਪ੍ਰਚਾਰ ਕਰਨ ਲਈ ਪ੍ਰੇਰਿਆ। ਇਸ ਮੁਹਿੰਮ ਵਿਚ ਡੀ ਸੀ ਪੀ ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਏ. ਡੀ. ਸੀ. ਪੀ. ਡਾ. ਸਿਮਰਤ ਕੌਰ, ਏ ਸੀ ਪੀ ਸ੍ਰੀ ਸੁਸ਼ੀਲ ਕੁਮਾਰ, ਏ. ਡੀ. ਸੀ. ਪੀ. ਸ. ਹਰਪਾਲ ਸਿੰਘ, ਏ ਡੀ ਸੀ ਪੀ ਸ. ਹਰਜੀਤ ਸਿੰਘ ਧਾਲੀਵਾਲ, ਇੰਸਪੈਕਟਰ ਸ੍ਰੀ ਅਨੂਪ ਸੈਣੀ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।