ਹੋਲਾ ਮਹੱਲੇ ਤੋਂ ਪਹਿਲਾਂ ਖੱਡਿਆਂ ਤੋਂ ਮੁਕਤ ਹੋ ਜਾਵੇਗੀ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) – ਹੁਸ਼ਿਆਰਪੁਰ ਰੋਡ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸ੍ਰੀ ਆਨੰਦਪੁਰ ਸਾਹਿਬ, ਗੜ੍ਹਸ਼ੰਕਰ ਅਤੇ ਬੰਗਾ ਨੂੰ ਜੋੜਨ ਵਾਲੀ 54.50 ਕਿਲੋਮੀਟਰ ਲੰਬੀ ਸੜਕ ਦਾ ਕਰੀਬ 38 ਕਿਲੋਮੀਟਰ ਲੰਬਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਅਤੇ ਹੁਸ਼ਿਆਰਪੁਰ ਨੂੰ ਆਪਸ ਵਿੱਚ ਜੋੜਨ ਵਾਲਾ ਰੋਡ ਆਉਂਦੇ ਹੋਲੇ ਮਹੱਲੇ ਤੋਂ ਪਹਿਲਾਂ ਖੱਡਿਆਂ ਤੋਂ ਮੁਕਤ ਹੋ ਜਾਵੇਗਾ। ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ, ਗੜ੍ਹਸ਼ੰਕਰ ਅਤੇ ਬੰਗਾ ਨੂੰ ਜੋੜਨ ਵਾਲੀ 54.50 ਕਿਲੋਮੀਟਰ ਲੰਬੀ ਸੜਕ ਦੀ ਮਾੜੀ ਹਾਲਤ ਦੇ ਸੰਬੰਧ ਵਿਚ ਲਿਖੀ ਚਿੱਠੀ ਦੇ ਜਵਾਬ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਇਹ ਭਰੋਸਾ ਦਿੱਤਾ ਹੈ।

ਐਮ.ਪੀ ਦੀ ਚਿੱਠੀ ਦੇ ਜਵਾਬ ਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਪੈਂਦੀ ਕਰੀਬ 38 ਕਿਲੋਮੀਟਰ ਲੰਬੀ ਸੜਕ ਨੂੰ ਪੈਚ ਵਰਕ ਰਾਹੀਂ ਰਿਪੇਅਰ ਕੀਤਾ ਜਾ ਰਿਹਾ ਹੈ, ਜਿਹੜੀ ਆਉਂਦੇ ਹੋਲੇ ਮਹੱਲੇ ਤੋਂ ਪਹਿਲਾਂ ਆਵਾਜਾਈ ਲਈ ਬਿਹਤਰ ਬਣ ਜਾਵੇਗੀ। ਇਸ ਤੋਂ ਇਲਾਵਾ, 37.33 ਕਿਲੋਮੀਟਰ (28.40 ਤੇ 9.43) ਲੰਬੀਆਂ ਇਨ੍ਹਾਂ ਦੋਨਾਂ ਸੜਕਾਂ ਨੂੰ ਮਜ਼ਬੂਤ ਬਣਾਉਣ ਵਾਸਤੇ 39.22 ਕਰੋੜ ਰੁਪਏ ਦਾ ਐਸਟੀਮੇਟ ਵੀ ਸਰਕਾਰ ਕੋਲ ਆਉਂਦੇ ਵਿੱਤੀ ਵਰ੍ਹੇ 2021-22 ਲਈ ਵਿਚਾਰ ਅਧੀਨ ਹੈ। ਜਦਕਿ ਜ਼ਿਲ੍ਹਾ ਰੋਪੜ ਅਧੀਨ ਆਉਣ ਵਾਲੇ 16.77 ਕਿਲੋਮੀਟਰ ਲੰਬੀ ਸੜਕ ਦੇ ਹਿੱਸੇ ਨੂੰ ਵਿਕਸਿਤ ਕਰਨ ਦਾ ਕੰਮ ਪਹਿਲਾਂ ਤੋਂ ਚੱਲ ਰਿਹਾ ਹੈ, ਜਿਹੜਾ ਮਾਰਚ 2021 ਤਕ ਮੁਕੰਮਲ ਕਰ ਲਿਆ ਜਾਵੇਗਾ। ਜਿਸ ਸਬੰਧ ਵਿਚ ਐਮ.ਪੀ ਤਿਵਾੜੀ ਨੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਸਰਬਪੱਖੀ ਵਿਕਾਸ ਵਾਸਤੇ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਹੈ ਕਿ ਹਲਕੇ ਦੀ ਤਰੱਕੀ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

Share This :

Leave a Reply