ਅਮਰੀਕਾ ਵਿੱਚ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਦੇ ਕੋਵਿਡ -19 ਟੀਕੇ ਦੀ ਵਰਤੋਂ ਨੂੰ ਮਿਲੀ ਹਰੀ ਝੰਡੀ

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ਵਿੱਚ ਪੜਾਅਵਾਰ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਜਾਰੀ ਹੈ। ਇਸ ਮੁਹਿੰਮ ਦੀ ਅਗਲੀ ਲੜੀ ਵਿੱਚ ਅਮਰੀਕੀ ਸੰਸਥਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ ਡੀ ਏ) ਨੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਦੇ ਕੋਵਿਡ -19 ਟੀਕੇ ਦੀ ਵਰਤੋਂ ਨੂੰ ਮਨਜੂਰੀ ਦਿੱਤੀ ਹੈ, ਜਿਸਦਾ ਮਤਲਬ ਲੱਖਾਂ ਹੋਰ ਕਿਸ਼ੋਰਾਂ ਤੱਕ ਹੁਣ ਟੀਕੇ ਦੀ ਪਹੁੰਚ ਹੋਵੇਗੀ। ਇਸ ਐਮਰਜੈਂਸੀ ਵਰਤੋਂ ਦੇ ਅਧਿਕਾਰ ਲਈ ਇੱਕ ਵਿਸ਼ਲੇਸ਼ਣ ਵਿੱਚ ਇਸ ਉਮਰ ਸਮੂਹ ਦੇ 1,005 ਬੱਚੇ ਸ਼ਾਮਿਲ ਕੀਤੇ ਗਏ ਸਨ। ਜਿਸ ਉਪਰੰਤ ਪ੍ਰੀਖਣ ਵਿੱਚ ਇਹ ਟੀਕਾ ਕੋਵਿਡ-19 ਨੂੰ ਰੋਕਣ ਵਿੱਚ 100% ਪ੍ਰਭਾਵਸ਼ਾਲੀ ਪਾਇਆ ਗਿਆ ਸੀ।

ਇਸ ਸੰਬੰਧੀ ਸੋਮਵਾਰ ਨੂੰ ਐਫ ਡੀ ਏ ਦੇ ਕਾਰਜਕਾਰੀ ਕਮਿਸ਼ਨਰ ਜੈਨੇਟ ਵੁੱਡਕੌਕ ਨੇ ਕਿਹਾ ਕਿ ਇਹ ਟੀਕਾ ਬੱਚਿਆਂ ਨੂੰ ਬਾਲਗਾਂ ਦੀ ਤਰ੍ਹਾਂ ਹੀ ਦੋ ਖੁਰਾਕਾਂ ਵਿੱਚ ਲਗਾਇਆ ਜਾਵੇਗਾ। ਇਸਦੇ ਇਲਾਵਾ ਸਿਹਤ ਮਾਹਿਰਾਂ ਨੇ ਐਫ ਡੀ ਏ ਦੁਆਰਾ ਫਾਈਜ਼ਰ ਬਾਇਓਨਟੈਕ ਕੋਵਿਡ -19 ਟੀਕੇ ਲਈ ਐਮਰਜੈਂਸੀ ਵਰਤੋਂ ਦਾ 12 ਤੋਂ 15 ਸਾਲ ਦੀ ਉਮਰ ਦੇ ਕਿਸ਼ੋਰਾਂ ਵਿੱਚ ਵਿਸਥਾਰ ਕਰਨ ਨੂੰ ਕੋਵਿਡ-19 ਮਹਾਂਮਾਰੀ ਦੇ ਵਿਰੁੱਧ ਲੜਾਈ ਦਾ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ।ਫਾਈਜ਼ਰ ਨੇ ਐਫ ਡੀ ਏ ਨੂੰ ਇਸਦੇ ਟੀਕੇ ਦੀ ਪੂਰੀ ਪ੍ਰਵਾਨਗੀ ਲਈ ਵੀ ਕਿਹਾ ਹੈ, ਜਿਸਦਾ ਅਰਥ ਹੈ ਕਿ ਇਸ ਨੂੰ ਹੁਣ ਕਿਸੇ ਐਮਰਜੈਂਸੀ ਵਰਤੋਂ ਅਧਿਕਾਰਾਂ ਤਹਿਤ ਵੰਡਿਆ ਨਹੀਂ ਜਾਵੇਗਾ।

Share This :

Leave a Reply