ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—ਕੋਵਿਡ-19 ਦੇ ਹਲਕੇ ਤੇ ਦਰਮਿਆਨੇ ਲੱਛਣਾਂ ਵਾਲਿਆਂ ਨੂੰ 10 ਦਿਨਾਂ ਤੋਂ ਵਧ ਇਕਾਂਤਵਾਸ ਵਿਚ ਰਖਣ ਦੀ ਲੋੜ ਨਹੀਂ ਹੈ। ਅਮਰੀਕਾ ਦੇ ‘ਸੈਂਟਰ ਫਾਰ ਡਸੀਜ਼ ਕੰਟਰੋਲ’ (ਸੀ.ਡੀ.ਸੀ) ਨੇ ਆਪਣੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਹੈ ਕਿ ਅਜਿਹੇ ਵਿਅਕਤੀਆਂ ਨੂੰ ਕੰਮ ਉਪਰ ਜਾਣ ਲਈ ਦੁਬਾਰਾ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ। ਸੀ. ਡੀ. ਸੀ ਅਨਸਾਰ ਟੈਸਟਿੰਗ ਨਹੀਂ ਬਲਕਿ ਲੱਛਣ ਦਿਸ਼ਾ- ਨਿਰਦੇਸ਼ ਹਨ। ਜੇਕਰ ਕਿਸੇ ਨੂੰ ਬੁਖ਼ਾਰ ਹੈ ਤਾਂ ਉਸ ਨੂੰ ਘਟੋ ਘੱਟ 24 ਘੰਟੇ ਅਲੱਗ ਰਖਣ ਦੀ ਲੋੜ ਹੈ। ਦਿਸ਼ਾ-ਨਿਰਦੇਸ਼ਾਂ ਬਾਰੇ ਆਪਣੇ ਤਾਜ਼ਾ ਦਸਤਾਵੇਜ਼ ਵਿਚ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਲੱਛਣ ਇਹ ਜਾਣਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਕਿਸੇ ਵਿਅਕਤੀ ਉਪਰ ਬਿਮਾਰੀ ਕਿੰਨਾ ਅਸਰ ਕਰ ਰਹੀ ਹੈ।
ਵਿਅਕਤੀਆਂ ਨੂੰ ਬੇਲੋੜੇ ਇਕਾਂਤਵਾਸ ਦੀ ਜਰੂਰਤ ਨਹੀਂ ਹੈ ਤੇ ਨਾ ਹੀ ਉਨਾਂ ਨੂੰ ਕੰਮ ਜਾਂ ਹੋਰ ਜਿੰਮੇਵਾਰੀਆਂ ਨਿਭਾਉਣ ਤੋਂ ਰੋਕਿਆ ਜਾਣਾ ਚਾਹੀਦਾ ਹੈ। ਇਸ ਦਸਤਾਵੇਜ਼ ਵਿਚ ਮੰਨਿਆ ਗਿਆ ਹੈ ਕਿ ”ਸਾਰਸ-ਕੋਵਿਡ-2 ਵਾਇਰਸ ਜੋ ਕੋਵਿਡ -19 ਦਾ ਕਾਰਨ ਬਣਦਾ ਹੈ, ਏਨਾ ਨਵਾਂ ਹੈ ਕਿ ਡਾਕਟਰ ਅਜੇ ਇਸ ਸਬੰਧੀ ਸਬੂਤ ਇਕੱਠੇ ਕਰ ਰਹੇ ਹਨ ਕਿ ਇਹ ਕਿਸ ਤਰਾਂ ਕੰਮ ਕਰਦਾ ਹੈ। ਜਿਵੇਂ ਜਿਵੇਂ ਹੋਰ ਅੰਕੜੇ ਇਕੱਠੇ ਹੋ ਰਹੇ ਹਨ, ਡਾਕਟਰੀ ਭਾਈਚਾਰਾ ਬੇਹਤਰ ਸਮਝ ਬਣਾ ਰਿਹਾ ਹੈ ਕਿ ਜੋ ਲੋਕ ਬਿਮਾਰੀ ਤੋਂ ਪ੍ਰਭਾਵਿਤ ਹਨ, ਉਹ ਉਸ ਨੂੰ ਅੱਗੇ ਫੈਲਣ ਤੋਂ ਕਿਵੇਂ ਰੋਕ ਸਕਦੇ ਹਨ।” ਦਸਤਾਵੇਜ਼ ਅਨੁਸਾਰ ਗੰਭੀਰ ਬਿਮਾਰੀ ਵਾਲੇ 88% ਤੋਂ ਵਧ ਮਰੀਜ਼ 10 ਦਿਨਾਂ ਬਾਅਦ ਤੇ 20 ਦਿਨਾਂ ਬਾਅਦ 95% ਮਰੀਜ ਠੀਕ ਹੋਏ ਹਨ। ਹਾਰਵਰਡ ਚਾਨ ਸਕੂਲ ਆਫ ਪਬਲਿਕ ਹੈਲਥ ਵਿਖੇ ਤਾਇਨਾਤ ‘ਇਮੋਨਾਲੋਜੀ ਐਂਡ ਇਨਫੈਕਸ਼ੀਅਸ ਡਸੀਜ਼’ ਦੇ ਪ੍ਰੋਫੈਸਰ ਡਾਕਟਰ ਰੋਜਰ ਸ਼ਪੀਰੋ ਨੇ ਕਿਹਾ ਹੈ ਕਿ ”ਕੋਵਿਡ- 19 ਫੈਲਣ ਦੇ ਸ਼ੁਰੂ ਵਿਚ ਸਾਡੇ ਕੋਲ ਇਸ ਕਿਸਮ ਦੇ ਅੰਕੜੇ ਨਹੀਂ ਸਨ ਪਰੰਤੂ ਹੁਣ ਅਸੀਂ ਸਹੀ ਅਰਥਾਂ ਵਿਚ ਵਿਗਿਆਨ ਅਧਾਰਤ ਸਿਫਾਰਿਸ਼ਾਂ ਕਰਨ ਵੱਲ ਵਧ ਰਹੇ ਹਾਂ। ਕੋਵਿਡ-19 ਇਕ ਅਜਿਹਾ ਵਾਇਰਸ ਹੈ ਕਿ ਇਸ ਨਾਲ ਮਰੀਜ਼ ਲੱਛਣ ਸਾਹਮਣੇ ਆਉਣ ਤੋਂ 2-3 ਦਿਨ ਪਹਿਲਾਂ ਬਿਮਾਰੀ ਨਾਲ ਬੁਰੀ ਤਰਾਂ ਪ੍ਰਭਾਵਿਤ ਹੋ ਜਾਂਦਾ ਹੈ ਤੇ ਜਦੋਂ ਲੱਛਣ ਨਜਰ ਆ ਜਾਣ ਤਾਂ ਮਰੀਜ਼ ਵਿਚ ਬਿਮਾਰੀ ਦਾ ਫੈਲਣ ਰੁਕ ਜਾਂਦਾ ਹੈ।”