ਹਰਿਆਣਾ ਵਾਸੀ ਪਿਸਤੌਲ ਤੇ ਖੋਹੀ ਬ੍ਰੇਜਾ ਕਾਰ ਸਮੇਤ ਕਾਬੂ, ਵੱਡੀ ਵਾਰਦਾਤ ਹੋਣ ਤੋਂ ਬਚਾਅ-ਸਿੱਧੂ
ਐਸ.ਐਸ.ਪੀ. ਦੀ ਜੁਰਮ ਕਰਨ ਵਾਲਿਆਂ ਨੂੰ ਤਾੜਨਾ, ਬਚ ਨਹੀਂ ਸਕਣਗੇ ਅਪਰਾਧੀ
ਕਤਲ ਕੇਸ ‘ਚ ਅੰਬਾਲਾ ਜੇਲ ਵਿਖੇ ਬੰਦ ਨੇ ਕਾਰ ਖੋਹ ਕੇ ਵੱਡੀ ਵਾਰਦਾਤ ਦੀ ਬਣਾਈ ਸੀ ਯੋਜਨਾ
ਪਟਿਆਲਾ, (ਤਰੁਣ ਮਹਿਤਾ) ਪਟਿਆਲਾ ਪੁਲਿਸ ਨੇ 2 ਜੂਨ ਨੂੰ ਸਮਾਣਾ ਰੋਡ ‘ਤੇ ਆਦਰਸ਼ ਕਾਲਜ ਨੇੜੇ ਲਿਫ਼ਟ ਮੰਗਣ ਦੇ ਬਹਾਨੇ ਇੱਕ ਬ੍ਰੇਜਾ ਕਾਰ ਸਵਾਰ ਨੂੰ 5 ਗੋਲੀਆਂ ਮਾਰ ਕੇ ਕੀਤੀ ਗਈ ਸਨਸਨੀਖੇਜ਼ ਹਥਿਆਰਬੰਦ ਕਾਰ ਖੋਹਣ ਦੇ ਮਾਮਲੇ ਨੂੰ ਮਹਿਜ ਦੋ ਦਿਨਾਂ ‘ਚ ਹੀ ਹੱਲ ਕਰਕੇ ਮੁੱਖ ਦੋਸ਼ੀ ਅਤੇ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਦਾਬਾ ਦੇ ਵਸਨੀਕ ਗੁਰਪ੍ਰੀਤ ਸਿੰਘ ਗੁਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵਿਅਕਤੀ ਕੋਲੋਂ ਖੋਹੀ ਕਾਰ ਅਤੇ ਦੇਸੀ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਹੋਏ ਹਨ ਜਦੋਂਕਿ ਵਾਰਦਾਤ ‘ਚ ਵਰਤਿਆ ਪਿਸਤੌਲ ਅਜੇ ਬਰਾਮਦ ਕਰਨਾ ਬਾਕੀ ਹੈ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸਿੱਧੂ ਨੇ ਦੱਸਿਆ ਕਿ ਇਹ ਖੋਹੀ ਕਾਰ ਅੱਗੇ ਕਿਸੇ ਵੱਡੀ ਵਾਰਦਾਤ ‘ਚ ਵਰਤਣ ਦੀ ਯੋਜਨਾ ਅੰਬਾਲਾ ਵਿਖੇ ਇੱਕ ਕਤਲ ਕਰਕੇ ਸੋਨੇ ਦੀ ਪ੍ਰਸਿੱਧ ਡਕੈਤੀ ਕਰਨ ਦੇ ਮਾਮਲੇ ‘ਚ ਅੰਬਾਲਾ ਜੇਲ ‘ਚ ਬੰਦ ਗੁਰਵਿੰਦਰ ਸਿੰਘ ਗੁਰੀ ਨੇ ਬਣਾਈ ਸੀ, ਜਿਸਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਕੇ ਪੁੱਛਗਿੱਛ ਕੀਤੀ ਜਾਵੇਗੀ।ਐਸ.ਐਸ.ਪੀ. ਨੇ ਗੰਭੀਰ ਰੂਪ ‘ਚ ਜਖ਼ਮੀ ਕਾਰ ਮਾਲਕ ਅਤੇ ਪਿੰਡ ਦੁੱਲੜ ਦਾ ਵਸਨੀਕ ਮਨਦੀਪ ਸਿੰਘ ਰਮਨ ਦੀ ਸਿਹਤਯਾਬ ‘ਤੇ ਤਸੱਲੀ ਪ੍ਰਗਟਾਉਂਦਿਆਂ ਉਸਦੇ ਪਰਿਵਾਰ ਵੱਲੋਂ ਪਟਿਆਲਾ ਪੁਲਿਸ ਵਿਸ਼ਵਾਸ਼ ਰੱਖਣ ਧੰਨਵਾਦ ਵੀ ਕੀਤਾ। ਉਨ੍ਹਾਂ ਨਾਲ ਹੀ ਜੁਰਮ ਕਰਨ ਵਾਲਿਆਂ ਨੂੰ ਤਾੜਨਾਂ ਕੀਤੀ ਕਿ ਉਹ ਪੁਲਿਸ ਦੇ ਹੱਥਾਂ ‘ਚੋਂ ਬਚ ਨਹੀਂ ਸਕਣਗੇ।ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਾਰ ਖੋਹਣ ਲਈ ਅੰਬਾਲਾ ਜੇਲ ਦੇ ਬੰਦੀ ਗੁਰਵਿੰਦਰ ਸਿੰਘ ਗੁਰੀ ਨੇ ਗੁਰਪ੍ਰੀਤ ਸਿੰਘ ਗੁਰੀ ਨੂੰ ਹੈਪੀ ਸਿੰਘ ਪੁੱਤਰ ਬਾਬੂ ਸਿੰਘ ਰਾਹੀ ਹਥਿਆਰ ਦੇਸੀ ਪਿਸਤੌਲ ਮੁਹੱਈਆ ਕਰਵਾਇਆ ਸੀ, ਜਿਸਦੀ ਪਛਾਣ ਕਰ ਲਈ ਗਈ ਹੈ ਉਸਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਕਰਦਾ ਗੁਰਪ੍ਰੀਤ ਸਿੰਘ ਗੁਰੀ ਜੁਰਮ ਦੀ ਦੁਨੀਆਂ ‘ਚ ਨਵਾਂ ਹੀ ਆਇਆ ਸੀ, ਜਿਸਨੂੰ ਬੀਤੇ ਦਿਨ ਪਿੰਡ ਅਸਮਾਨਪੁਰ ਚੌਂਕ ਵਿਖੇ ਬਿਨ੍ਹਾਂ ਨੰਬਰ ਪਲੇਟਾਂ ਤੋ ਬ੍ਰੇਜਾ ਕਾਰ ਵਿੱਚ ਸਵਾਰ ਹੋ ਕੇ ਆਉਂਦੇ ਹੋਏ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।ਸ. ਸਿੱਧੂ ਨੇ ਦੱਸਿਆ ਕਿ ਇਹ ਮਾਮਲਾ ਥਾਣਾ ਸਦਰ ਸਮਾਣਾ ਵਿਖੇ ਮੁਕਦਮਾ ਨੰਬਰ 119 ਮਿਤੀ 2 ਜੂਨ 2020 ਨੂੰ ਆਈ.ਪੀ.ਸੀ. ਦੀਆਂ ਧਾਰਾਵਾਂ 392, 397 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਦਰਜ ਕੀਤਾ ਗਿਆ ਸੀ। ਇਸ ਨੂੰ ਹੱਲ ਕਰਨ ਲਈ ਐਸ.ਪੀ. ਜਾਂਚ ਹਰਮੀਤ ਸਿੰਘ ਹੁੰਦਲ, ਐਸ.ਪੀ. ਟ੍ਰੈਫਿਕ ਪਲਵਿੰਦਰ ਸਿੰਘ ਡੀ.ਐਸ.ਪੀ. ਸਮਾਣਾਂ ਜਸਵੰਤ ਸਿੰਘ, ਐਸ.ਐਚ.ਓ. ਥਾਣਾ ਸਦਰ ਸਮਾਣਾ ਇੰਸਪੈਕਟਰ ਰਣਬੀਰ ਸਿੰਘ, ਇੰਚਾਰਜ ਸੀ.ਆਈ.ਏ. ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਇੰਚਾਰਜ ਸੀ.ਆਈ.ਏ. ਸਮਾਣਾ ਐਸ.ਆਈ ਕਰਨੈਲ ਸਿੰਘ ‘ਤੇ ਅਧਾਰਤ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਸਨ। ਇਨ੍ਹਾਂ ਟੀਮਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਤਫ਼ਤੀਸ਼ ਕਰਕੇ ਇਸ ਮਾਮਲੇ ਨੂੰ ਹੱਲ ਕੀਤਾ ਹੈ।ਐਸ.ਐਸ.ਪੀ. ਨੇ ਦੱਸਿਆ ਕਿ 2 ਜੂਨ ਨੂੰ ਜਦੋਂ ਮਨਦੀਪ ਸਿੰਘ ਪਟਿਆਲਾ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਟੋਲ ਪਲਾਜਾ ਸਮਾਣਾ ਨੇੜੇ ਅਣਪਛਾਤੇ ਵਿਅਕਤੀ ਨੇ ਉਸ ਤੋਂ ਲਿਫਟ ਮੰਗੀ ਪਰ ਜਦੋਂ ਉਹ ਆਦਰਸ਼ ਕਾਲਜ ਸਮਾਣਾ ਕੋਲ ਪੁੱਜੇ ਤਾਂ ਉਸ ਵਿਅਕਤੀ ਨੇ ਪਿਸ਼ਾਬ ਕਰਨ ਦਾ ਬਹਾਨਾ ਲਗਾਕੇ ਗੱਡੀ ਰੁਕਵਾ ਲਈ, ਮਨਦੀਪ ਸਿੰਘ ਵੱਲੋਂ ਗੱਡੀ ਰੋਕਦਿਆਂ ਹੀ ਲਿਫਟ ਮੰਗਣ ਵਾਲੇ ਨੇ ਪਿਸਟਲ ਨਾਲ ਉਸ ਨੂੰ ਗੋਲੀਆਂ ਮਾਰਕੇ ਗੱਡੀ ਵਿੱਚੋ ਬਾਹਰ ਸੁੱਟ ਦਿੱਤਾ ਅਤੇ ਆਪਗੱਡੀ ਲੈ ਕੇ ਫਰਾਰ ਹੋ ਗਿਆ।ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਜਿੱਥੇ ਕੋਰੋਨਾ ਮਾਂਹਮਾਰੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ‘ਚ ਲੱਗੀ ਹੋਈ ਹੈ ਉਥੇ ਹੀ ਆਪਣ ਡਿਊਟੀ ਪੂਰੀ ਵਚਨਬੱਧਤਾ ਅਤੇ ਤਨਦੇਹੀ ਨਾਲ ਦਿਨ-ਰਾਤ ਨਿਭਾਉਂਦਿਆਂ ਪਟਿਆਲਾ ਜ਼ਿਲ੍ਹੇ ਨੂੰ ਜ਼ੁਰਮ ਰਹਿਤ ਰੱਖਣ ਲਈ ਯਤਨਸ਼ੀਲ ਹੈ।