ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ‘ਚ ਦਸੰਬਰ ਦੇ ਮਹੀਨੇ ਵਿੱਚ ਡੈਲਟਾ ਏਅਰਲਾਈਨ ਦੀ ਇੱਕ ਉਡਾਣ ਵਿੱਚ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਨ ਵਾਲਾ ਇੱਕ ਮੁਸਾਫਿਰ, ਇਸ ਸਾਲ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ (ਐਫ ਏ ਏ)ਦੁਆਰਾ ਸਭ ਤੋਂ ਵੱਧ 52,500 ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰ ਰਿਹਾ ਹੈ। ਏਜੰਸੀ ਦੇ ਅਨੁਸਾਰ, ਇਸ ਯਾਤਰੀ ਨੇ ਹੋਨੋਲੂਲੂ ਤੋਂ ਸਿਆਟਲ ਦੀ ਉਡਾਣ ਵਿੱਚ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਨ ਦੇ ਨਾਲ ਇੱਕ ਫਲਾਈਟ ਅਟੈਂਡੈਂਟ ਦੇ ਚਿਹਰੇ ‘ਤੇ ਵੀ ਵਾਰ ਕੀਤਾ ਸੀ। ਫਲਾਈਟ ਅਟੈਂਡੈਂਟਸ ਅਤੇ ਫਲਾਈਟ ਵਿੱਚ ਮੌਜੂਦ ਇੱਕ ਹੋਰ ਯਾਤਰੀ ਨੇ ਇਸ ਮੁਸਾਫਿਰ ਨੂੰ ਪਲਾਸਟਿਕ ਦੀਆਂ ਹੱਥਕੜੀਆਂ ਲਗਾਈਆਂ ਪਰ ਉਸਨੇ ਆਪਣੇ ਆਪ ਨੂੰ ਆਜ਼ਾਦ ਕਰਕੇ ਦੂਜੀ ਵਾਰ ਫਿਰ ਫਲਾਈਟ ਅਟੈਂਡੈਂਟ ਨੂੰ ਮਾਰਿਆ।
ਫੈਡਰਲ ਏਵੀਏਸ਼ਨ ਐਡਮਨਿਸਟ੍ਰੇਸ਼ਨ(ਐਫ ਏ ਏ) ਨੇ ਦੱਸਿਆ ਕਿ ਸਿਆਟਲ ਵਿੱਚ ਉਤਰਨ ਤੋਂ ਬਾਅਦ ਪੁਲਿਸ ਨੇ ਜਹਾਜ਼ ਵਿੱਚ ਜਾ ਕੇ ਇਸ ਯਾਤਰੀ ਨੂੰ ਹਿਰਾਸਤ ਵਿੱਚ ਲਿਆ। ਅਮਰੀਕੀ ਕਾਨੂੰਨ ਜਹਾਜ਼ ਦੇ ਚਾਲਕ ਅਮਲੇ ਵਿੱਚ ਦਖਲਅੰਦਾਜ਼ੀ ਕਰਨ ਜਾਂ ਹਵਾਈ ਜਹਾਜ਼ ਦੇ ਅਮਲੇ ਜਾਂ ਕਿਸੇ ਹੋਰ ‘ਤੇ ਸਰੀਰਕ ਤੌਰ ‘ਤੇ ਹਮਲਾ ਕਰਨ ਜਾਂ ਧਮਕੀ ਦੇਣ ‘ਤੇ ਪਾਬੰਦੀ ਲਗਾਉਂਦਾ ਹੈ। ਐਫ ਏ ਏ ਨੇ ਅਨੁਸਾਰ 1 ਫਰਵਰੀ ਤੋਂ ਲੈ ਕੇ ਹੁਣ ਤੱਕ 1,300 ਤੋਂ ਵੱਧ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਏਜੰਸੀ ਨੇ ਲੱਗਭਗ 20 ਮਾਮਲੇ ਲਾਗੂ ਕੀਤੇ ਹਨ। ਐਫ ਏ ਏ ਦੇ ਚੀਫ਼ ਸਟੀਵ ਡਿਕਸਨ ਨੇ ਜਨਵਰੀ ਵਿੱਚ ਪਹਿਲਾਂ ਏਜੰਸੀ ਨੂੰ ਅਜਿਹੇ ਮਾਮਲਿਆਂ ਵਿੱਚ “ਜ਼ੀਰੋ-ਟੌਲਰੈਂਸ ਪਾਲਿਸੀ” ਅਪਣਾਉਣ ਦੇ ਨਿਰਦੇਸ਼ ਦਿੱਤੇ ਸਨ , ਜਿਸ ਤਹਿਤ ਬਿਨਾਂ ਕਿਸੇ ਚਿਤਾਵਨੀ ਦੇ ਸਖਤ ਸਜਾਵਾਂ ਦਿੱਤੀਆਂ ਜਾਣ ਦੀ ਸਿਫਾਰਸ਼ ਕੀਤੀ ਸੀ। ਇਹਨਾਂ ਸਜਾਵਾਂ ਵਿੱਚ 35,000 ਡਾਲਰ ਤੱਕ ਦਾ ਜੁਰਮਾਨਾ ਅਤੇ ਕੈਦ ਵੀ ਸ਼ਾਮਿਲ ਹੈ।