ਐਸ.ਐਸ.ਪੀ. ਦੁੱਗਲ ਵੱਲੋਂ ਲੋਕਾਂ ਨੂੰ ਕੋਰੋਨਾ ਯੋਧਿਆਂ ਤੇ ਕੋਵਿਡ ਸਬੰਧੀਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦਾ ਸੱਦਾ
ਨਾਭਾ/ਪਟਿਆਲਾ (ਤਰੁਣ ਮਹਿਤਾਂ) ਕੋਰੋਨਾ ਯੋਧਿਆਂ, ਡਾਕਟਰਾਂ ਅਤੇ ਸਿਹਤ ਵਿਭਾਗ ਦੇ ਹੋਰ ਕਰਮਚਾਰੀਆਂ ਵਿਰੁੱਧ ਜਿਸ ਤਰ੍ਹਾਂ ਗ਼ੈਰ ਜ਼ਿੰਮੇਵਾਰ ਲੋਕਾਂ ਵੱਲੋਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਅਜਿਹੇ ‘ਚ ਨਾਭਾ ਬਲਾਕ ਦੇ ਪਿੰਡ ਅਗੇਤਾ ਦੀ ਗ੍ਰਾਮ ਪੰਚਾਇਤ ਹੋਰਨਾਂ ਲਈ ਇੱਕ ਉਦਾਹਰਣ ਬਣਕੇ ਸਾਹਮਣੇ ਆਈ ਹੈ। ਅਗੇਤਾ ਦੀ ਪੰਚਾਇਤ ਨੇ ਇੱਕ ਮਤਾ ਪਾਸ ਕਰਕੇ ਕੋਵਿਡ-19 ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੜੀ ਜਾ ਰਹੀ ਜੰਗ ‘ਮਿਸ਼ਨ ਫ਼ਤਿਹ’ ਤਹਿਤ ਕੋਰੋਨਾ ਯੋਧਿਆਂ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ।ਪੰਜਾਬ ਸਰਕਾਰ ਵੱਲੋਂ ਜਾਰੀ ਨਵੇਂ ਦਿਸ਼ਾ ਨਿਰਦੇਸ਼ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਗ੍ਰਾਮ ਪੰਚਾਇਤ ਦੇ ਸਰਪੰਚ ਸ੍ਰੀਮਤੀ ਹਰਪ੍ਰੀਤ ਕੌਰ ਸਮੇਤ ਪੰਚਾਇਤ ਮੈਂਬਰ ਰਾਣੌ ਕੌਰ, ਹਰਬੰਤ ਸਿੰਘ, ਖੁਸ਼ਪ੍ਰੀਤ ਸਿੰਘ ਅਤੇ ਸਾਬਕਾ ਸਰਪੰਚ ਤੇ ਨੰਬਰਦਾਰ ਹਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ, ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਸਮੇਤ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਯਤਨਾਂ ਨੂੰ ਸਮੁੱਚੇ ਪਿੰਡ ਵਾਸੀ ਅਤੇ ਪੰਚਾਇਤ ਪੂਰਨ ਸਮਰਥਨ ਦਿੰਦੀ ਹੈ।
ਇਸ ਮੌਕੇ ਪ੍ਰੋਬੇਸ਼ਨਰ ਡੀ.ਐਸ.ਪੀ. ਮਨਦੀਪ ਕੌਰ ਅਤੇ ਥਾਣਾ ਸਦਰ ਨਾਭਾ ਦੇ ਐਸ.ਐਚ.ਓ. ਇੰਸਪੈਕਟਰ ਸੁਖਦੇਵ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।ਇਸੇ ਦੌਰਾਨ ਪਟਿਆਲਾ ਦੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਤੇ ਡਾਕਟਰਾਂ, ਆਸ਼ਾ ਵਰਕਰਾਂ ਤੇ ਅਜਿਹੇ ਹੋਰ ਕੋਰੋਨਾ ਯੋਧਿਆਂ ਖ਼ਿਲਾਫ਼ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਯਕੀਨ ਨਾ ਕਰਨ। ਇਸ ਤੋਂ ਬਿਨ੍ਹਾਂ ਅਜਿਹੇ ਮਾੜੇ ਅਨਸਰਾਂ ਅਤੇ ਅਫ਼ਵਾਹਾਂ ਦੇ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਸੂਚਨਾ ਵਟਸਐਪ ਪੋਰਟਲ 96468-00112 ‘ਤੇ ਦਿੱਤੀ ਜਾ ਸਕਦੀ ਹੈ। ਇਸ ਤੋਂ ਬਿਨ੍ਹਾਂ ਕੋਵਿਡ-19 ਸਬੰਧੀਂ ਕਿਸੇ ਮੁੱਦੇ ‘ਤੇ ਕੁੱਝ ਪੁੱਛਣ ਲਈ ਹੈਲਪਲਾਈਨ ਨੰਬਰ 0175-2350550 ਤੇ 62843-57500 ‘ਤੇ ਕਾਲ ਕੀਤੀ ਜਾ ਸਕਦੀ ਹੈ।ਐਸ.ਐਸ.ਪੀ. ਨੇ ਕਿਹਾ ਕਿ ਅਫ਼ਵਾਹਾਂ ਫੈਲਾਉਣ ਵਾਲੇ ਗ਼ੈਰਸਮਾਜੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਪਟਿਆਲਾ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਖ਼ਿਲਾਫ਼ ਜੰਗ ਨੂੰ ਜਿੱਤਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ‘ਮਿਸ਼ਨ ਫ਼ਤਿਹ’ ਤਹਿਤ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ‘ਚ ਪੁਲਿਸ ਅਤੇ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ।






















