ਬਰਨਾਲਾ (ਬਲਵੰਤ ਸਿੰਘ ਸਿੱਧੂ) ਨੋਵਿਲ ਕੋਰੋਨਾ ਵਾਇਰਸ (ਕੋਵਿਡ-19) ਵਿਸ਼ਵ ਮਹਾਂਮਾਰੀ ਦੇ ਕਾਰਨ ਪੰਜਾਬ ਵਿਚ ਝੋਨੇ ਦੀ ਲਵਾਈ (ਬਿਜਾਈ) ਕਰਨੀ ਕਿਸਾਨਾਂ ਲਈ ਮੁਸ਼ਕਲ ਬਣ ਗਈ ਸੀ। ਜਿਸ ਦੇ ਚਲਦਿਆਂ ਪ੍ਰਵਾਸੀ ਮਜ਼ਦੂਰਾਂ ਦਾ ਨਾ ਆਉਣਾ ਕਿਸਾਨਾਂ ਨੂੰ ਫ਼ਿਕਰਾਂ ਵਿਚ ਪਾ ਗਿਆ ਸੀ। ਜਿਸ ਨੂੰ ਕਿਸਾਨਾਂ ਨੇ ਚੁਨੌਤੀ ਵਜੋਂ ਲੈਂਦਿਆਂ 50 ਫ਼ੀਸਦੀ ਦੇ ਕਰੀਬ ਝੋਨੇ ਦੀ ਸਿੱਧੀ ਬਿਜਾਈ ਕੀਤੀ। ਬਾਕੀ ਰਹਿੰਦੀ ਝੋਨੇ ਦੀ ਬਿਜਾਈ ਪੇਂਡੂ ਮਜ਼ਦੂਰਾਂ ਦੇ ਨਾਲ-ਨਾਲ ਕਾਫ਼ੀ ਗਿਣਤੀ ‘ਚ ਪ੍ਰਵਾਸੀ ਮਜ਼ਦੂਰਾਂ ਨੇ ਆ ਕੇ ਕੰਮ ਸੰਭਾਲ ਲੈਣ ਨਾਲ ਝੋਨੇ ਦੀ ਲਵਾਈ ਦਾ ਕੰਮ ਖੇਤਾਂ ‘ਚ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ।
ਭਾਵੇਂ ਪਿਛਲੇ ਸਾਲ 18 ਜੂਨ ਨੂੰ ਮੀਂਹ ਪੈਣ ਨਾਲ ਇਕਦਮ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਸੀ। ਪਰ ਐਤਕੀਂ ਅੱਜ ਤੱਕ ਮੀਂਹ ਨਾ ਪੈਣ ਕਾਰਨ ਕਿਸਾਨਾਂ ਨੇ ਝੋਨੇ ਦੀ ਲਵਾਈ ਦਾ ਕੰਮ ਜਾਰੀ ਰੱਖਿਆ ਹੈ। ਭਾਵੇਂ ਪਹਿਲਾਂ-ਪਹਿਲਾਂ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਦਾ ਫ਼ਿਕਰ ਕਿਸਾਨਾਂ ਨੂੰ ਵੱਢ-ਵੱਢ ਖਾ ਰਿਹਾ ਸੀ। ਪਰ ਕਿਸਾਨਾਂ-ਮਜਦੂਰਾਂ, ਖੇਤੀ ਵਿਗਿਆਨ ਕੇਂਦਰ ਤੇ ਖੇਤੀਬਾੜੀ ਵਲੋਂ ਸਾਂਝੇ ਤੌਰ ‘ਤੇ ਇਸ ਕੰਮ ਨੂੰ ਚੁਨੌਤੀ ਵਜੋਂ ਲੈਣ ਕਰ ਕੇ ਝੋਨੇ ਦੀ ਲਵਾਈ ਜਲਦੀ ਨੇਪਰੇ ਚੜ•ਨ ਵੱਲ ਵਧ ਰਿਹਾ ਹੈ। ਝੋਨੇ ਦੀ ਸਿੱਧੀ ਬਿਜਾਈ, (ਵੀ.ਐਸ.ਟੀ) ਸ਼ਕਤੀਮਾਨ ਵਿਧੀ ਅਤੇ ਹੱਥੀਂ ਝੋਨਾ ਬੀਜਣ ਨਾਲ ਕੰਮ ਨੇਪਰੇ ਚਾੜਿ•ਆ ਜਾ ਰਿਹਾ ਹੈ ਜਿਸ ਨਾਲ ਦੇਸ ਦਾ ਆਰਥਿਕ ਧੁਰਾ ਘੁੰਮੇਗਾ।
ਸਿੱਧੀ ਬਿਜਾਈ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਈ-ਡਾ: ਪ੍ਰਹਿਲਾਦ ਸਿੰਘ ਤੰਵਰ
ਖੇਤੀ ਵਿਗਿਆਨ ਕੇਂਦਰ ਹੰਡਿਆਇਆ ਦੇ ਐਸੋਸੀਏਟ ਡਾਇਰੈਕਟਰ ਡਾ: ਪ੍ਰਹਿਲਾਦ ਸਿੰਘ ਤੰਵਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਕੇਂਦਰ ਦੇ ਮਾਹਰਾਂ ਵਲੋਂ ਝੋਨੇ ਦੀ ਲਵਾਈ ਸਬੰਧੀ ਮਜ਼ਦੂਰਾਂ ਦੀ ਸਮੱਸਿਆ ਦਾ ਹੱਲ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਜਿਸ ਨਾਲ ਜ਼ਿਲ੍ਹੇ ਦੇ ਬਲਾਕ ਬਰਨਾਲਾ, ਮਹਿਲ ਕਲਾਂ ਤੇ ਸ਼ਹਿਣਾ ਦੇ ਪਿੰਡਾਂ ਵਿਚ ਕਿਸਾਨਾਂ ਵਲੋਂ 3000 ਏਕੜ ਤੋਂ ਲੈ ਕੇ 3500 ਏਕੜ ਤੱਕ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਵਿਧੀ ਨਾਲ ਕਿਸਾਨਾਂ ਦਾ ਪ੍ਰਤੀ ਏਕੜ ਖ਼ਰਚਾ ਘੱਟ ਹੁੰਦਾ ਹੈ, ਉੱਥੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ। ਜੋ ਲਗਾਤਾਰ ਨੀਵਾਂ ਜਾ ਰਿਹਾ ਹੈ। ਜੇਕਰ ਇਹ ਵਿਧੀ ਆਉਣ ਵਾਲੇ ਸਮੇਂ ਵਿਚ ਸਫਲ ਸਿੱਧ ਹੁੰਦੀ ਤਾਂ ਝੋਨਾ ਲਾਉਣ ਲਈ ਮਜ਼ਦੂਰਾਂ ਦੀ ਸਮੱਸਿਆ ਦਾ ਵੀ ਹੱਲ ਹੋਵੇਗਾ।
ਵੱਖ-ਵੱਖ ਵਿਧੀਆਂ ਨਾਲ ਕਿਸਾਨਾਂ ਦੀ ਮਜ਼ਦੂਰੀ ਦੀ ਸਮੱਸਿਆ ਘਟੀ-ਡਾ: ਬਲਦੇਵ ਸਿੰਘ
ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ: ਬਲਦੇਵ ਸਿੰਘ ਨੇ ਕਿਹਾ ਕਿ ਕੋਵਿਡ-19 ਦੇ ਚਲਦਿਆਂ ਕਿਸਾਨਾਂ ਨੂੰ ਵੱਖ-ਵੱਖ ਵਿਧੀਆਂ ਰਾਹੀਂ ਝੋਨਾ ਲਾਉਣ ਲਈ ਵਿਭਾਗ ਵਲੋਂ ਪ੍ਰੇਰਿਤ ਕੀਤਾ ਗਿਆ ਸੀ। ਜਿਸ ਦੇ ਤਹਿਤ ਜ਼ਿਲ੍ਹੇ ਭਰ ਵਿਚ ਝੋਨੇ ਦੀ ਸਿੱਧੀ ਬਿਜਾਈ 20 ਹਜ਼ਾਰ ਹੈਕਟੇਅਰ ਕੀਤੀ ਗਈ। ਝੋਨਾ ਲਾਉਣ ਵਾਲੀ ਮਸ਼ੀਨ ਰਾਹੀਂ 1500 ਹੈਕਟੇਅਰ ਝੋਨਾ ਲਗਾਇਆ ਗਿਆ। ਕਿਸਾਨਾਂ ਵਲੋਂ ਵੱਟਾਂ ਉੱਪਰ ਝੋਨਾ 55 ਹੈਕਟੇਅਰ ਲਗਾਇਆ ਗਿਆ। ਇਸੇ ਤਰ੍ਹਾ ਕਿਸਾਨਾਂ ਵਲੋਂ ਜ਼ਿਲ੍ਹੇ ਭਰ ਵਿਚ 20 ਹਜ਼ਾਰ ਹੈਕਟੇਅਰ ਮੱਕੀ ਦੀ ਬਿਜਾਈ ਕੀਤੀ ਗਈ। 1736 ਹੈਕਟੇਅਰ ਕਿਸਾਨਾਂ ਵਲੋਂ ਨਰਮੇ ਦੀ ਬਿਜਾਈ ਕੀਤੀ ਗਈ ਅਤੇ 100 ਹੈਕਟੇਅਰ ਜ਼ਿਲ੍ਹੇ ਭਰ ‘ਚ ਦਾਲਾਂ ਦੀ ਬਿਜਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਝੋਨੇ ਦੀ ਬਿਜਾਈ ਇਨ੍ਹਾਂ ਵੱਖ-ਵੱਖ ਵਿਧੀਆਂ ਨਾਲ ਜਿੱਥੇ ਕਿਸਾਨਾਂ ਦੀ ਮਜ਼ਦੂਰੀ ਦੀ ਸਮੱਸਿਆ ਘਟੀ ਹੈ, ਉੱਥੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਇਹ ਵਿਧੀਆਂ ਕਾਰਗਰ ਹੋਣਗੀਆਂ।