ਦਾਖਲਾ ਲੈ ਚੁੱਕੇ ਵਿਦਿਆਰਥੀ ਨਹੀਂ ਜਾ ਸਕਣਗੇ ਅਮਰੀਕਾ
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵਿਭਾਗ ਨੇ ਸਿੱਖਿਆ ਬਾਰੇ ਇਕ ਅਜਿਹਾ ਐਲਾਨ ਕੀਤਾ ਹੈ ਜਿਸ ਨਾਲ ਹਜਾਰਾਂ ਭਾਰਤੀਆਂ ਸਮੇਤ ਵਿਸ਼ਵ ਦੇ ਲੱਖਾਂ ਵਿਦਿਆਰਥੀ ਪ੍ਰਭਾਵਿਤ ਹੋ ਸਕਦੇ ਹਨ। ਇਸ ਐਲਾਨ ਅਨੁਸਾਰ ਜੇਕਰ ਯੁਨੀਵਰਸਿਟੀਆਂ ਕੋਰੋਨਾ ਕਾਰਨ ਕੇਵਲ ਆਨ ਲਾਈਨ ਪੜਾਈ ਕਰਵਾਉਂਦੀਆਂ ਹਨ ਤਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕਾ ਛੱਡਣਾ ਪਵੇਗਾ ਜਾਂ ਉਨਾਂ ਉਪਰ ‘ਡਿਪੋਰਟ’ ਦੀ ਤਲਵਾਰ ਲਟਕ ਜਾਵੇਗੀ। ਇਸ ਫੈਸਲੇ ਨਾਲ ਉਹ ਵਿਦਿਆਰਥੀ ਪ੍ਰਭਾਵਿਤ ਹੋਣਗੇ ਜੋ ਯੁਨੀਵਰਸਿਟੀਆਂ ਵਿਚ ਪੜਨ, ਟਰੇਨਿੰਗ ਪ੍ਰੋਗਰਾਮਾਂ ਵਿਚ ਹਿੱਸਾ ਲੈਣ, ਨਾਨ ਅਕੈਡਮਿਕ ਜਾਂ ਵੋਕੇਸ਼ਨਲ ਪੜਾਈ ਲਈ ਅਮਰੀਕਾ ਆਏ ਹਨ। ਕੋਰੋਨਾ ਵਾਇਰਸ ਕਾਰਨ ਯੁਨੀਵਰਸਿਟੀਆਂ ਕੋਰਸਾਂ ਨੂੰ ਆਨ ਲਾਈਨ ਮੁਕੰਮਲ ਕਰਵਾਉਣ ਸਬੰਧੀ ਨਿਰਨੇ ਲੈ ਰਹੀਆਂ ਹਨ।
ਉਦਾਹਰਣ ਵਜੋਂ ਹਾਵਰਡ ਯੁਨੀਵਰਸਿਟੀ ਨੇ ਸਮੁੱਚੇ ਵਿਦਿਆਰਥੀਆਂ ਨੂੰ ਕੋਰਸਾਂ ਸਬੰਧੀ ਆਨ ਲਾਈਨ ਹਦਾਇਤਾਂ ਦੇਣ ਦਾ ਨਿਰਨਾ ਲਿਆ ਹੈ। ਇਹ ਨਿਰਨਾ ਕੈਂਪਸ ਵਿਚ ਰਹਿ ਰਹੇ ਵਿਦਿਆਰਥੀਆਂ ਉਪਰ ਵੀ ਲਾਗੂ ਹੋਵੇਗਾ। ਹਾਵਰਡ ਨੇ ਇਹ ਨਿਰਨਾ ਲੈ ਕੇ ਵਿਦੇਸ਼ੀ ਵਿਦਿਆਰਥੀਆਂ ਲਈ ਅਮਰੀਕਾ ਛੱਡਣ ਦੇ ਦਰਵਾਜ਼ੇ ਖੋਲ ਦਿੱਤੇ ਹਨ। ਆਈ ਸੀ ਈ ਨੇ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਵਿਸ਼ੇਸ਼ ਵੀਜੇ ਵਾਲੇ ਵਿਦਿਆਰਥੀ ਜੋ ਆਨ ਲਾਈਨ ਪੂਰਾ ਕੋਰਸ ਪੜਨ ਦੇ ਅਸਮਰਥ ਹਨ, ਉਹ ਅਮਰੀਕਾ ਰਹਿ ਸਕਦੇ ਹਨ ਪਰੰਤੂ ਸਕੂਲਾਂ ਜਾਂ ਹੋਰ ਪ੍ਰੋਗਰਾਮਾਂ ਜਿਨਾਂ ਦੀ ਮੁਕੰਮਲ ਪੜਾਈ ਆਨ ਲਾਈਨ ਹੈ, ਵਿਚ ਦਾਖਲ ਲੈਣ ਵਾਲੇ ਵਿਦਿਆਰਥੀਆਂ ਨੂੰ ਵੀਜੇ ਨਹੀਂ ਜਾਰੀ ਕੀਤੇ ਜਾਣਗੇ ਤੇ ਨਾ ਹੀ ਯੂ ਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਵਿਭਾਗ ਇਨਾਂਵਿਦਿਆਰਥੀਆਂ ਨੂੰ ਅਮਰੀਕਾ ਵਿਚ ਦਾਖਲ ਹੋਣ ਦੀ ਇਜਾਜ਼ਤ ਦੇਵੇਗਾ। ਵਿਦਿਆਰਥੀਆਂ ਨੇ ਆਈ ਸੀ ਈ ਦੇ ਐਲਾਨ ਦਾ ਤਿੱਖਾ ਵਿਰੋਧ ਕੀਤਾ ਹੈ। ਹਾਵਰਡ ਦੇ ਕੈਨੇਡੀ ਸਰਕਾਰੀ ਸਕੂਲ ਦੇ 26 ਸਾਲਾ ਗਰੈਜੂਏਟ ਵਿਦਿਆਰਥੀ ਵਾਲੇਰੀਆ ਮੈਨਡਿਓਲਾ ਨੇ ਕਿਹਾ ਹੈ ਕਿ ਬਹੁਤ ਬੇਯਕੀਨੀ ਤੇ ਪ੍ਰੇਸ਼ਾਨੀ ਵਾਲਾ ਮਾਹੌਲ ਪੈਦਾ ਹੋ ਗਿਆ ਹੈ, ਮੈਨੂੰ ਮੈਕਸੀਕੋ ਵਾਪਿਸ ਜਾਣਾ ਪਵੇਗਾ ਤੇ ਮੈਂ ਵਾਪਿਸ ਜਾਣ ਦੇ ਸਮਰਥ ਹਾਂ ਪਰੰਤੂ ਸਾਰੇ ਵਿਦਿਆਰਥੀਆਂ ਵਾਪਿਸ ਨਹੀਂ ਜਾ ਸਕਦੇ। ਤਕਰੀਬਨ 1800 ਕਾਲਜਾਂ ਤੇ ਯੁਨੀਵਰਸਿਟੀਆਂ ਦੀ ਪ੍ਰਤੀਨਿੱਧਤਾ ਕਰਨ ਵਾਲੀ ਸਿੱਖਿਆ ਬਾਰੇ ਅਮਰੀਕਨ ਕੌਂਸਲ ਦੇ ਉਪ ਪ੍ਰਧਾਨ ਬਰੈਡ ਫਾਰਨਸਵਰਥ ਨੇ ਕਿਹਾ ਹੈ ਕਿ ਆਈ ਸੀ ਈ ਦਾ ਐਲਾਨ ਬਹੁਤ ਹੈਰਾਨਕੁੰਨ ਹੈ, ਇਸ ਨਾਲ ਬੇਯਕੀਨੀ ਤੇ ਅਸਥਿੱਰਤਾ ਹੋਰ ਵਧੇਗੀ।