ਬਰਸਾਤਾਂ ਸ਼ੁਰੂ ਹੋਣ ਦੇ ਨਾਲ ਹੀ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਦੇ ਪੋਲ ਖੁਲ੍ਹੇ

ਪਟਿਆਲਾ (ਅਰਵਿੰਦਰ ਜੋਸ਼ਨ) ਬਰਸਾਤਾਂ ਸ਼ੁਰੂ ਹੋਣ ਦੇ ਨਾਲ ਹੀ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਦੇ ਪੋਲ ਖੁਲ੍ਹ ਰਹੇ ਹਨ। ਅਜਿਹਾ ਅੱਜ ਪਟਿਆਲਾ ਦਿਹਾਤੀ ਹਲਕੇ ਦੇ ਪਿੰਡ ਲੌਟ ਵਿਖੇ ਵੇਖਣ ਨੂੰ ਮਿਲਿਆ। ਪਹਿਲੀ ਬਰਸਾਤ ਨੇ ਗਰੀਬ ਪਰਿਵਾਰਾਂ ਦੇ ਘਰ ਪਾਣੀ ਨਾਲ ਭਰ ਕੇ ਛੱਪੜ ਬਣਾ ਦਿੱਤੇ ਹਨ। ਇਸ ਬਾਰੇ ਜਾਣਕਾਰੀ  ਪ੍ਰਿੰਸੀਪਲ ਜੇ. ਪੀ. ਸਿੰਘ ਜ. ਸਕੱਤਰ ਆਮ ਆਦਮੀ ਪਾਰਟੀ ਨੇ ਇੱਕ ਪ੍ਰੈਸ ਨੋਟ ਰਾਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਪਾਰਟੀ ਵਲੰਟੀਅਰਜ਼ ਨਾਲ ਜਦੋਂ ਉਹ ਲੌਟ ਪਿੰਡ ਵਿਖੇ ਗਏ ਤਾਂ ਪਿੰਡ ਦੇ ਹੀ ਇੱਕ ਲਾਚਾਰ ਮਜ਼ਦੂਰ ਸ਼੍ਰੀ ਕਾਕਾ ਦੇ ਘਰ ਜਾਣ ਦਾ ਮੌਕਾ ਮਿਲਿਆ। ਉਸ ਦੇ ਘਰ ਦੀ ਹਾਲਤ ਵੇਖ ਕੇ ਦਿਲ ਕੰਬ ਗਿਆ ਜਦੋਂ ਵੇਖਿਆ ਕਿ ਇੱਕ ਕਮਰੇ ਦੀ ਬਾਲਿਆਂ ਵਾਲੀ ਛੱਤ ਚੋ ਰਹੀ ਸੀ ਅਤੇ ਦੂਜੇ ਕਮਰੇ ਦੀ ਛੱਤ ਵਿੱਚ ਮਘੋਰਾ ਬਣ ਗਿਆ ਸੀ ਅਤੇ ਉਸ ਰਾਹੀਂ ਬਹੁਤ ਤੇਜ਼ੀ ਨਾਲ ਪਾਣੀ ਅੰਦਰ ਵਹਿ ਰਿਹਾ ਸੀ।

ਫਰਸ਼ ਕੱਚੇ ਹੋਣ ਕਾਰਨ ਅੰਦਰ ਬੜੀ ਮੁਸ਼ਕਲ ਨਾਲ ਪੈਰ ਰੱਖਿਆ ਜਾ ਰਿਹਾ ਸੀ। ਇਸ ਪਰਿਵਾਰ ਨੇ ਕੱਚੀ ਛੱਤ ਬਦਲਣ ਲਈ ਮਿਲਣ ਵਾਲੀ ਗਰਾਂਟ ਵਾਸਤੇ ਬੀ ਡੀ ਓ ਨਾਭਾ ਕੋਲ ਅਰਜ਼ੀ ਦਿੱਤੀ ਹੋਈ ਹੈ ਪਰ ਸਾਰੇ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਅਜੇ ਤੱਕ ਗਰਾਂਟ ਨਹੀਂ ਮਿਲੀ। ਪਰਿਵਾਰ ਦੀ ਆਰਥਿਕ ਹਾਲਤ ਇੰਨੀ ਮਾੜੀ ਹੈ ਕਿ ਉਹ ਆਪ ਛੱਤ ਨਹੀਂ ਬਦਲਵਾ ਸਕਦੇ। ਪਰਿਵਾਰ ਦਾ ਦੁੱਖ ਸਮਝਦੇ ਅਤੇ ਫੌਰੀ ਆਰਜ਼ੀ ਹੱਲ ਦੇ ਵਾਸਤੇ ਉਨ੍ਹਾਂ ਨੂੰ ਪਾਲੀਥੀਨ ਦੀ ਸ਼ੀਟ ਲੈ ਕੇ ਦਿੱਤੀ ਗਈ। ਲੱਗਭੱਗ ਇਸੇ ਤਰਾਂ ਦੀ ਹਾਲਤ ਹਰਜਿੰਦਰ ਸਿੰਘ ਦੀ ਹੈ ਜੋ ਘਰ ਦੇ ਅੰਦਰ ਬਰਸਾਤੀ ਪਾਣੀ ਨਾਲ ਬਣੇ ਚਿੱਕੜ ਵਿੱਚ ਰਹਿ ਰਹੇ ਹਨ।  ਪ੍ਰਿੰਸੀਪਲ ਜੇ. ਪੀ. ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਪਰਿਵਾਰਾਂ ਵੱਲੋਂ ਛੱਤਾਂ ਬਦਲਣ ਲਈ ਜੋ ਕੇਸ ਅਪਲਾਈ ਕੀਤੇ ਹਨ ਜੋ ਤੁਰੰਤ ਮਨਜ਼ੂਰ ਕੀਤੇ ਜਾਣ ਅਤੇ ਇਨ੍ਹਾਂ ਨੂੰ ਗਰਾਂਟਾਂ ਜਾਰੀ ਕੀਤੀਆਂ ਜਾਣ।

Share This :

Leave a Reply