ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬ੍ਰਿਟੇਨ ਦੇ ਸਭ ਤੋਂ ਅਮੀਰ ਵਿਅਕਤੀਆਂ ਵਿਚੋਂ ਇੱਕ ਨੂੰ ਉਸ ਦੇ ਘਰ ਵਿੱਚ ਹੀ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਰਿਚਰਡ ਲੇਕਸਿੰਗਟਨ ਸੱਟਨ (83) ਉੱਪਰ ਬੁੱਧਵਾਰ ਰਾਤ ਨੂੰ ਉੱਤਰੀ ਡੋਰਸੈੱਟ ਵਿੱਚ ਉਸ ਦੇ ਘਰ ਅੰਦਰ ਹਮਲਾ ਕੀਤਾ ਗਿਆ ਹੈ। ਉਸਦੇ ਇਲਾਵਾ ਤਕਰੀਬਨ 60 ਸਾਲਾਂ ਇੱਕ ਔਰਤ ਨੂੰ ਵੀ ਚਾਕੂ ਨਾਲ ਜਖਮੀ ਕੀਤਾ ਗਿਆ ਹੈ, ਜਿਸ ਕਰਕੇ ਉਸਨੂੰ ਗੰਭੀਰ ਹਾਲਤ ਵਿੱਚ ਬ੍ਰਿਸਟਲ ਦੇ ਸਾਊਥਮੀਡ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਰਿਚਰਡ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ ਜਾ ਸਕਿਆ ਅਤੇ ਉਸਨੂੰ ਰਾਤ 9.15 ਵਜੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਪੁਲਿਸ ਨੇ ਇਸ ਕਤਲ ਦੇ ਸੰਬੰਧ ਵਿੱਚ ਇੱਕ ਰੇਂਜ ਰੋਵਰ ਨੂੰ ਏ 303 ਤੇ ਪੂਰਬ ਵੱਲ ਜਾਂਦਿਆਂ ਵੇਖਿਆ ਅਤੇ ਗਿਲਿੰਗਹਮ ਖੇਤਰ ਦੇ ਇੱਕ 34 ਸਾਲਾ ਵਿਅਕਤੀ ਨੂੰ ਕਤਲ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸ਼ੱਕੀ ਵਿਅਕਤੀ ਮ੍ਰਿਤਕ ਦੀ ਜਾਣ ਪਛਾਣ ਵਾਲਾ ਹੈ। ਰਿਚਰਡ ਯੂਕੇ ਵਿੱਚ ਲੱਗਭਗ 301 ਮਿਲੀਅਨ ਪੌਂਡ ਦਾ ਮਾਲਕ ਅਤੇ ਸੰਡੇ ਟਾਈਮਜ਼ ਰਿਚ ਲਿਸਟ ਵਿੱਚ 435 ਵੇਂ ਨੰਬਰ ’ਤੇ ਸੀ। ਉਸ ਕੋਲ ਦੇਸ਼ ਭਰ ਵਿੱਚ ਹੋਟਲ, ਜਾਇਦਾਦਾਂ ਅਤੇ ਬਹੁਤ ਸਾਰੀ ਖੇਤਾਂ ਵਾਲੀ ਜ਼ਮੀਨ ਸੀ। ਉਸਨੇ 1981 ਵਿੱੱਚ ਆਪਣੇ ਪਿਤਾ ਤੋਂ ਜਾਇਦਾਦ ਵਿਰਾਸਤ ਵਿੱਚ ਪ੍ਰਾਪਤ ਕੀਤੀ ਸੀ ਅਤੇ ਮਈ 2020 ਵਿੱਚ ਉਸਦੀ ਕੀਮਤ ਲਗਭਗ 301 ਮਿਲੀਅਨ ਪੌਂਡ ਸੀ।ਕੁੱਲ ਮਿਲਾ ਕੇ ਰਿਚਰਡ ਅਤੇ ਉਸ ਦੇ ਪਰਿਵਾਰ ਕੋਲ 7,000 ਏਕੜ ਦੇ ਕਰੀਬ ਜ਼ਮੀਨ ਹੈ ਜੋ ਕਿ ਰੱਖਿਆ ਮੰਤਰਾਲੇ ਦੀ ਮਾਲਕੀਅਤ ਨਾਲੋਂ ਦੁੱਗਣੀ ਹੈ। ਉਸਨੇ ਆਪਣੀ ਪਤਨੀ ਫਿਯਾਮਾ ਨਾਲ 1959 ਵਿੱਚ ਵਿਆਹ ਕੀਤਾ ਅਤੇ ਰਿਚਰਡ ਦੇ ਦੋ ਬੱਚੇ, ਡੇਵਿਡ (61) ਅਤੇ ਕੈਰੋਲਿਨ (55) ਅਤੇ ਪੰਜ ਪੋਤੇ ਹਨ।






















