ਉੱਤਰੀ ਡਕੋਟਾ ਦੇ ਗਵਰਨਰ ਨੇ ਕੀਤਾ ਜੰਗਲੀ ਅੱਗਾਂ ਕਾਰਨ ਐਮਰਜੈਂਸੀ ਦਾ ਐਲਾਨ

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ਦੇ ਉੱਤਰੀ ਡਕੋਟਾ ਦੇ ਖੇਤਰ ਜੰਗਲੀ ਅੱਗਾਂ ਦੇ ਪ੍ਰਭਾਵ ਹੇਠਾਂ ਆਏ ਹੋਏ ਹਨ। ਇਸ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਫਾਈਟਰਜ਼ ਨੇ ਪੱਛਮੀ ਉੱਤਰੀ ਡਕੋਟਾ ਦੇ ਕਸਬੇ ਮੈਡੋਰਾ ਵਿੱਚ ਜੰਗਲੀ ਅੱਗ ਨੂੰ ਫੈਲਣ ਤੋਂ ਰੋਕਿਆ ਹੈ, ਜਦਕਿ ਇਸ ਦੇ 100 ਵਸਨੀਕਾਂ ਨੂੰ ਬਾਹਰ ਕੱਢਿਆ ਗਿਆ ਹੈ। ਮੈਡੋਰਾ ਜ਼ਿਲ੍ਹਾ ਰੇਂਜਰ ਦੇ ਮਿਸਟੀ ਹੇਅਜ਼ ਅਨੁਸਾਰ, ਇਸ ਅੱਗ ਦੀ ਲਪੇਟ ਨਾਲ ਲੱਗਭਗ 15 ਵਰਗ ਮੀਲ (38 ਵਰਗ ਕਿਲੋਮੀਟਰ) ਦੇ ਖੇਤਰ ਵਿੱਚ ਨੁਕਸਾਨ ਹੋਇਆ ਹੈ। ਖੇਤਰ ਵਿੱਚ ਚੱਲ ਰਹੀਆਂ ਜੰਗਲੀ ਅੱਗਾਂ ਦੇ ਪ੍ਰਭਾਵ ਕਾਰਨ ਉੱਤਰੀ ਡਕੋਟਾ ਦੇ ਗਵਰਨਰ ਡੱਗ ਬਰਗੁਮ ਨੇ ਵੀਰਵਾਰ ਨੂੰ ਰਾਜ ਪੱਧਰੀ ਅੱਗ ਦੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਬਰਗੁਮ ਅਨੁਸਾਰ ਨੌਰਥ ਡਕੋਟਾ ਨੈਸ਼ਨਲ ਗਾਰਡ ਮੈਡੋਰਾ ਵਿੱਚ ਅੱਗ ਨਾਲ ਲੜਨ ਵਿੱਚ ਸਹਾਇਤਾ ਲਈ ਦੋ ਬਲੈਕ ਹਾਕ ਹੈਲੀਕਾਪਟਰ ਤਾਇਨਾਤ ਕਰੇਗਾ।

ਇਸਦੇ ਇਲਾਵਾ ਕਈ ਏਜੰਸੀਆਂ ਅੱਗ ਨਾਲ ਨਜਿੱਠਣ ਵਿੱਚ ਮੱਦਦ ਕਰ ਰਹੀਆਂ ਹਨ। ਬੈਲਫੀਲਡ ਤੋਂ ਬੀਚ ਤੱਕ,ਅੰਤਰਰਾਜੀ 94 ,ਜਿਸ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ, ਵੀਰਵਾਰ ਰਾਤ ਨੂੰ ਦੁਬਾਰਾ ਖੋਲ੍ਹਿਆ ਗਿਆ ਹੈ। ਨੈਸ਼ਨਲ ਸੋਕਾ ਨਿਵਾਰਣ ਕੇਂਦਰ ਦੀ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਲੱਗਭਗ ਅੱਧਾ ਰਾਜ ਸੋਕੇ ਦੀ ਸਥਿਤੀ ਨੂੰ ਵੇਖ ਰਿਹਾ ਹੈ। ਉੱਤਰੀ ਡਕੋਟਾ ਜੰਗਲਾਤ ਸੇਵਾ ਨੇ 140 ਤੋਂ ਵਧੇਰੇ ਜੰਗਲੀ ਅੱਗਾਂ ਨੂੰ ਟਰੈਕ ਕੀਤਾ ਹੈ ,ਜਿਸ ਨਾਲ 46 ਵਰਗ ਮੀਲ (120 ਵਰਗ ਕਿਲੋਮੀਟਰ) ਤੋਂ ਵੱਧ ਸੜ ਚੁੱਕੇ ਹਨ। ਇਸਦੇ ਇਲਾਵਾ ਸਾਊਥ ਡਕੋਟਾ ਵਿੱਚ, ਇਸ ਹਫਤੇ ਪੇਨਿੰਗਟਨ ਕਾਉਂਟੀ ਵਿੱਚ ਜੰਗਲੀ ਅੱਗ ਕਾਰਨ 400 ਤੋਂ ਜ਼ਿਆਦਾ ਘਰਾਂ ਦੇ ਨਿਵਾਸੀਆਂ ਨੂੰ ਘਰ ਖਾਲੀ ਕਰਨ ਲਈ ਮਜਬੂਰ ਕਰਨਾ ਪਿਆ ਅਤੇ ਵੀਰਵਾਰ ਨੂੰ ਨੀਮੋ ਖੇਤਰ ਵਿੱਚ ਜ਼ਿਆਦਾਤਰ ਘਰ ਖਾਲੀ ਕਰਵਾਏ ਗਏ।

Share This :

Leave a Reply