ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—ਅਮਰੀਕਾ ਨੇ ਇਕ ਵਾਰ ਫਿਰ ਵਿਸ਼ਵ ਭਰ ਵਿਚੋਂ ਆਉਣ ਵਾਲੇ ਨਵੇਂ ਵਿਦਿਆਰਥੀਆਂ ਉਪਰ ਰੋਕ ਲਾ ਦਿੱਤੀ ਹੈ ਜਿਸ ਨਾਲ ਪੰਜਾਬ ਸਮੇਤ ਭਾਰਤ ਦੇ ਹਜਾਰਾਂ ਵਿਦਿਆਰਥੀ ਪ੍ਰਭਾਵਿਤ ਹੋਣਗੇ। ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਨਵੇਂ ਕੌਮਾਂਤਰੀ ਵਿਦਿਆਰਥੀਆਂ ਜੋ ਪਹਿਲਾ ਸਾਲ ਅੰਡਰ ਗਰੈਜੂਏਟ , ਗਰੈਜੂਏਟ ਜਾਂ ਇਸ ਤਰਾਂ ਦੀਆਂ ਹੋਰ ਕਲਾਸਾਂ ਵਿਚ ਪੜਨ ਲਈ ਆ ਰਹੇ ਹਨ ਜਿਨਾਂ ਦੀ ਪੜਾਈ ਆਨ ਲਾਈਨ ਹੈ, ਨੂੰ ਅਮਰੀਕਾ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਨਾਂ ਦਿਸ਼ਾ ਨਿਰਦੇਸ਼ਾਂ ਵਿਚ ਹੋਰ ਕਿਹਾ ਗਿਆ ਹੈ ਕਿ ਉਹ ਵਿਦਿਆਰਥੀ ਜੋ ਪਹਿਲਾਂ ਹੀ ਕਲਾਸਾਂ ਵਿਚ ਦਾਖਲਾ ਲੈ ਚੁੱਕੇ ਹਨ ਤੇ ਉਨਾਂ ਕੋਲ ਪਹਿਲਾਂ ਹੀ ਵੀਜ਼ਾ ਹੈ, ਉਹ ਅਮਰੀਕਾ ਵਿਚ ਰਹਿ ਸਕਦੇ ਹਨ ਜਾਂ ਗਰਮੀਆਂ ਦੀਆਂ ਛੁੱਟੀਆਂ ਉਪਰੰਤ ਵਾਪਿਸ ਅਮਰੀਕਾ ਆ ਸਕਦੇ ਹਨ ਭਾਵੇਂ ਉਨਾਂ ਦੀ ਯੁਨੀਵਰਸਿਟੀ ਆਨ ਲਾਈਨ ਪੜਾਈ ਦੀ ਪੇਸ਼ਕਸ਼ ਕਰ ਰਹੀ ਹੋਵੇ।
ਕਾਲਜਾਂ ਤੇ ਸੰਘੀ ਸਰਕਾਰ ਵਿਚਾਲੇ ਕੌਮਾਂਤਰੀ ਵਿਦਿਆਰਥੀਆਂ ਦੇ ਮੁੱਦੇ ‘ਤੇ ਪਏ ਰਫੜ ਤੋਂ ਬਾਅਦ ਟਰੰਪ ਪ੍ਰਸ਼ਾਸ਼ਨ ਨੇ ਆਪਣੇ ਪਹਿਲੇ ਦਿਸ਼ਾ ਨਿਰਦੇਸ਼ਾਂ ਸਬੰਧੀ ਇਹ ਇਕ ਤਰਾਂ ਸਪੱਸ਼ਟੀਕਰਨ ਹੀ ਦਿੱਤਾ ਹੈ। ਪਹਿਲਾਂ ਟਰੰਪ ਪ੍ਰਸ਼ਾਸ਼ਨ ਨੇ ਕੋਰੋਨਾਵਾਇਰਸ ਕਾਰਨ ਉਨਾਂ ਸਾਰੇ ਕੌਮਾਂਤਰੀ ਵਿਦਿਆਰਥੀਆਂ ਦੇ ਅਮਰੀਕਾ ਆਉਣ ਉਪਰ ਰੋਕ ਲਾ ਦਿੱਤੀ ਸੀ ਜਿਨਾਂ ਦੀਆਂ ਯੁਨੀਵਰਸਿਟੀਆਂ ਆਨ ਲਾਈਨ ਪੜਾਈ ਕਰਵਾ ਰਹੀਆਂ ਹਨ ਪਰੰਤੂ ਯੁਨੀਵਰਸਿਟੀਆਂ ਇਸ ਫੈਸਲੇ ਵਿਰੁੱਧ ਅਦਾਲਤ ਵਿਚ ਚਲੀਆਂ ਗਈਆਂ ਸਨ। ਉਪਰੰਤ ਟਰੰਪ ਪ੍ਰਸ਼ਾਸ਼ਨ ਨੇ ਇਹ ਆਦੇਸ਼ ਵਾਪਿਸ ਲੈ ਲਿਆ ਸੀ। ਨਵੇਂ ਨਿਰਦੇਸ਼ਾਂ ਵਿਚ ਸਾਫ ਕੀਤਾ ਹੈ ਕਿ ਨਵੇਂ ਵਿਦਿਆਰਥੀਆਂ ਨੂੰ ਅਮਰੀਕਾ ਆਉਣ ਲਈ ਅਜਿਹੀਆਂ ਸੰਸਥਾਵਾਂ ਵਿਚ ਦਾਖਲਾ ਲੈਣਾ ਪਵੇਗਾ ਜੋ ਆਨ ਲਾਈਨ ਪੜਾਈ ਦੇ ਨਾਲ ਨਾਲ ਕਲਾਸਾਂ ਵੀ ਲਾਉਂਦੀਆਂ ਹੋਣ।