
ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਕੋਰੋਨਾਂ ਵਾਇਰਸ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਨਿਊਯਾਰਕ ਇੱਕ ਮਿਲੀਅਨ ਤੋਂ ਵੱਧ ਕੋਵਿਡ -19 ਕੇਸਾਂ ਦਾ ਰਿਕਾਰਡ ਬਣਾਉਣ ਵਾਲਾ ਚੌਥਾ ਸੂਬਾ ਬਣ ਗਿਆ ਹੈ।ਸ਼ਨੀਵਾਰ ਤੱਕ, ਨਿਊਯਾਰਕ ਵਿੱਚ ਤਕਰੀਬਨ 1,014,044 ਵਾਇਰਸ ਦੇ ਪੁਸ਼ਟੀ ਕੀਤੇ ਹੋਏ ਕੇਸ ਦਰਜ਼ ਕੀਤੇ ਗਏ ਹਨ ਜਦਕਿ ਕੈਲੀਫੋਰਨੀਆਂ 2.3 ਮਿਲੀਅਨ ਦੀ ਪੁਸ਼ਟੀ ਕੀਤੇ ਮਾਮਲਿਆਂ ਨਾਲ, ਕੇਸਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਰਿਹਾ ਹੈ ਅਤੇ ਰਾਜ ਦੇ ਜਨਤਕ ਸਿਹਤ ਅਧਿਕਾਰੀਆਂ ਅਨੁਸਾਰ ਇਕੱਲੀ ਲਾਸ ਏਂਜਲਸ ਕਾਉਂਟੀ ਵਿੱਚ ਹੀ ਸ਼ਨੀਵਾਰ ਨੂੰ ਤਕਰੀਬਨ 806,210 ਕੇਸ ਸਾਹਮਣੇ ਆਏ ਹਨ।

ਇਸਦੇ ਇਲਾਵਾ ਫਲੋਰਿਡਾ ਅਤੇ ਟੈਕਸਾਸ ਵਿੱਚ ਕ੍ਰਮਵਾਰ 1.3 ਮਿਲੀਅਨ ਅਤੇ 1.7 ਮਿਲੀਅਨ ਕੋਰੋਨਾਂ ਵਾਇਰਸ ਦੇ ਪੁਸ਼ਟੀ ਕੀਤੇ ਮਾਮਲੇ ਹਨ।ਇਹਨਾਂ ਸਾਰੇ ਮਾਮਲਿਆਂ ਦੇ ਨਾਲ ਸ਼ਨੀਵਾਰ ਨੂੰ ਦੇਸ਼ ਵਿੱਚ 350,000 ਤੋਂ ਜ਼ਿਆਦਾ ਕੋਰੋਨਾਂ ਵਾਇਰਸ ਨਾਲ ਸਬੰਧਤ ਮੌਤਾਂ ਦੀ ਵੀ ਰਿਪੋਰਟ ਕੀਤੀ ਗਈ ਹੈ।ਨਿਊਯਾਰਕ ਵਿੱਚ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਗਵਰਨਰ ਐਂਡਰਿਊ ਕੁਓਮੋ ਨੇ ਨਿਊਯਾਰਕ ਵਾਸੀਆਂ ਨੂੰ 2021 ਦੀ ਸ਼ੁਰੂਆਤ ਵਿੱਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਰੂਰੀ ਸਾਵਧਾਨੀਆਂ ਜਿਵੇ ਕਿ ਹੱਥ ਧੋਣ ,ਮਾਸਕ ਦੀ ਵਰਤੋਂ ਅਤੇ ਸਮਾਜਿਕ ਦੂਰੀ ਆਦਿ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ ਹੈ। ਇਸ ਤੋਂ ਇਲਾਵਾ ਮੇਅਰ ਬਿਲ ਡੀ ਬਲਾਸੀਓ ਅਨੁਸਾਰ ਜਨਵਰੀ ਮਹੀਨੇ ਵਿੱਚ ਹੀ 10 ਲੱਖ ਨਿਊਯਾਰਕ ਵਸਨੀਕਾਂ ਨੂੰ ਕੋਰੋਨਾਂ ਵਾਇਰਸ ਟੀਕਾ ਲਗਾਉਣ ਦੀ ਯੋਜਨਾ ਹੈ।