ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਸ ਦਾ ਪ੍ਰਸ਼ਾਸਨ ਕਾਲੇ ਭਾਈਚਾਰੇ/ ਘੱਟ ਗਿਣਤੀਆਂ ਦੀ ਬੇਹਤਰੀ ਲਈ ਲੋੜੀਂਦੇ ਕਦਮ ਚੁੱਕਣ ਵਾਸਤੇ ਯੋਜਨਾ ਬਣਾ ਰਿਹਾ ਹੈ। ਇਸ ਦੇ ਨਾਲ ਹੀ ਉਨਾਂ ਨੇ ਪ੍ਰਦਰਸ਼ਨਕਾਰੀਆਂ ਉਪਰ ਕਾਬੂ ਪਾਉਣ ਲਈ ਕੀਤੀ ਕਾਰਵਾਈ ਵਾਸਤੇ ਨੈਸ਼ਨਲ ਗਾਰਡ ਦੀ ਪ੍ਰਸੰਸਾ ਕੀਤੀ ਹੈ। ਉਨਾ ਕਿਹਾ ਕਿ ਉਸ ਦੇ ਪ੍ਰਸ਼ਾਸਨ ਨੇ ਬਹੁਤ ਹੀ ਵਧੀਆ ਢੰਗ ਨਾਲ ਪ੍ਰਦਰਸ਼ਕਾਰੀਆਂ ਨਾਲ ਨਜਿੱਠਿਆ ਹੈ ਬਿਲਕੁੱਲ ਉਸੇ ਤਰਾਂ ਜਿਵੇਂ ‘ਇਕ ਚਾਕੂ ਮੱਖਣ ਵਿਚੋਂ ਨਿਕਲ ਜਾਂਦਾ ਹੈ।’ ਉਨਾਂ ਕਿਹਾ ਕਿ ਘੱਟ ਗਿਣਤੀਆਂ ਖਾਸ ਕਰਕੇ ਕਾਲੇ ਭਾਈਚਾਰੇ ਦੇ ਛੋਟੇ ਕਾਰੋਬਾਰਾਂ ਦੀ ਬੇਹਤਰੀ ਲਈ ਨਿਵੇਸ਼ ਕੀਤਾ ਜਾਵੇਗਾ। ਉਨਾਂ ਕਿਹਾ ਇਹ ਕੰਮ ਬਹੁਤ ਸਮਾਂ ਪਹਿਲਾਂ ਕਰ ਦੇਣਾ ਚਾਹੀਦਾ ਸੀ। ਉਨਾਂ ਸਵਿਕਰ ਕੀਤਾ ਕਿ ਕੁਝ ਖੇਤਰਾਂ ਵਿਚ ਡਾਕਟਰੀ ਸੇਵਾਵਾਂ ਖਸਤਾ ਹਾਲਤ ਵਿਚ ਹਨ। ਇਨਾਂ ਖੇਤਰਾਂ ਵਿਚ ਡਾਕਟਰੀ ਸੇਵਾਵਾਂ ‘ਚ ਸੁਧਾਰ ਲਈ ਕਾਫੀ ਫੰਡਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਥੇ ਵਰਣਨਯੋਗ ਹੈ ਕਿ ਟਰੰਪ ਪਿਛਲੇ 3 ਸਾਲ ਦੇ ਵਧ ਸਮੇ ਤੋਂ ਸੱਤਾ ਉਪਰ ਹਨ ਪਰ ਉਨਾਂ ਵੱਲੋਂ ਪੱਛੜੇ ਖੇਤਰਾਂ ਵਿਚ ਸੁਧਾਰ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਹੁਣ ਚੋਣ ਵਰਾ ਹੋਣ ਕਾਰਨ ਉਨਾਂ ਵੱਲੋਂ ਸੁਧਾਰਾਂ ਲਈ ਐਲਾਨ ਕੀਤੇ ਜਾ ਰਹੇ ਹਨ।
ਟਰੰਪ ਦੀ ਰੈਲੀ ਵਿਚ ਸ਼ਾਮਿਲ ਹੋਣ ਲਈ ਕਰਨਾ ਪਵੇਗਾ ਅਹਿਦ:
19 ਜੂਨ ਨੂੰ ਓਕਲਾਹੋਮਾ ਵਿਚ ਟਰੰਪ ਵੱਲੋਂ ਕੀਤੀ ਜਾ ਰਹੀ ਚੋਣ ਰੈਲੀ ਵਿਚ ਸ਼ਾਮਿਲ ਹੋਣ ਲਈ ਲੋਕਾਂ ਨੂੰ ਇਹ ਅਹਿਦ ਕਰਨਾ ਪਵੇਗਾ ਕਿ ਜੇਕਰ ਰੈਲੀ ਕਾਰਨ ਕੋਰੋਨਾਵਾਇਰਸ ਫੈਲਦਾ ਹੈ ਤਾਂ ਉਹ ਰੈਲੀ ਦੇ ਪ੍ਰਬੰਧਕਾਂ ਵਿਰੁੱਧ ਕਿਸੇ ਤਰਾਂ ਦੀ ਪਟੀਸ਼ਨ ਦਾਇਰ ਨਹੀਂ ਕਰਨਗੇ। ਰਾਸ਼ਟਰਪਤੀ ਦੀ ਚੋਣ ਮੁਹਿੰਮ ਲਈ ਵੈਬਸਾਈਟ ਉਪਰ ਮੁਫ਼ਤ ਟਿਕਟ ਹਾਸਲ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਇਕ ਸੰਦੇਸ਼ ਦਿੱਤਾ ਗਿਆ ਹੈ ਕਿ ਟੁਲਸਾ ਦੇ ਬੀ ਓ ਕੇ ਸੈਂਟਰ ਵਿਚ ਅਗਲੇ ਸ਼ੁੱਕਰਵਾਰ ਹੋ ਰਹੀ ਰੈਲੀ ਵਿਚ ਸ਼ਾਮਿਲ ਹੋਣ ਵਾਲੇ ਲੋਕ ਰੈਲੀ ਦੇ ਪ੍ਰਬੰਧਕਾਂ ਜਾਂ ਇਸ ਨਾਲ ਜੁੜੀਆਂ ਹੋਰ ਧਿਰਾਂ ਵਿਰੁੱਧ ਕੋਰੋਨਾਵਾਇਰਸ ਦੇ ਫੈਲਣ ਨੂੰ ਲੈ ਕੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਸਕਣਗੇ। ਹੋਰ ਕਿਹਾ ਗਿਆ ਹੈ ਕਿ ਤੁਸੀਂ ਆਪਣੇ ਜੋਖ਼ਮ ‘ਤੇ ਰੈਲੀ ਵਿਚ ਸ਼ਾਮਿਲ ਹੋਵੋਗੇ ਕਿਉਂਕਿ ਲੋਕਾਂ ਦੇ ਇਕੱਠ ਵਿਚ ਕੋਰੋਨਾਵਾਇਰਸ ਫੈਲਣ ਦਾ ਖਤਰਾ ਹੋ ਸਕਦਾ ਹੈ।
2020-06-12